ਜੈਸਲਮੇਰ: ਇਥੇ ਲਾਠੀ ਫਾਇਰਿੰਗ ਰੇਂਜ ਵਿੱਚ ਨਿਸ਼ਾਨਾ ਲਾਉਣ ਦੀ ਪ੍ਰੈਕਟਿਸ ਦੌਰਾਨ ਬੰਦੂਕ ਦੀ ਨਾਲੀ ਫਟਣ ਕਰਕੇ ਵਾਪਰੇ ਹਾਦਸੇ ’ਚ ਬੀਐੱਸਐੱਫ ਜਵਾਨ ਹਲਾਕ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਹਾਦਸਾ ਮੰਗਲਵਾਰ ਰਾਤ ਨੂੰ ਵਾਪਰਿਆ। ਜਾਣਕਾਰੀ ਅਨੁਸਾਰ ਬੀਐੱਸਐੱਫ ਜਵਾਨ ਫਾਇਰਿੰਗ ਰੇਂਜ ’ਚ ਪ੍ਰੈਕਟਿਸ ਕਰ ਰਹੇ ਸਨ ਕਿ ਇਸ ਦੌਰਾਨ ਬੰਦੂਕ ਦੀ ਨਾਲੀ ਫਟ ਗਈ। ਛੱਰੇ ਵੱਜਣ ਕਰਕੇ ਪੰਜ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਸੀ। ਇਨ੍ਹਾਂ ਸਾਰਿਆਂ ਨੂੰ ਫੌਰੀ ਪੋਖਰਨ ਦੇ ਪ੍ਰਾਇਮਰੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸਤੀਸ਼ ਕੁਮਾਰ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
-ਪੀਟੀਆਈ