ਛੋਟਾਉਦੈਪੁਰ, 21 ਜੁਲਾਈ
ਗੁਜਰਾਤ ਦੇ ਛੋਟਾਉਦੈਪੁਰ ਜ਼ਿਲ੍ਹੇ ’ਚ ਚਿਲੀਯਾਵੰਤ ਪਿੰਡ ਦੇ ਇੱਕ ਕਬਾਇਲੀ ਪ੍ਰੇਮੀ ਜੋੜੇ ਨੂੰ ਘਰੋਂ ਭੱਜਣ ’ਤੇ ਕਥਿਤ ਅਗਵਾ ਕਰਨ ਮਗਰੋਂ ਦਰੱਖ਼ਤ ਨਾਲ ਬੰਨ੍ਹ ਕੇ ਉਨ੍ਹਾਂ ਦੀ ਸੋਟੀਆਂ ਨਾਲ ਕੁੱਟਮਾਰ ਕੀਤੀ ਗਈ।
ਡੀਐੱਸਪੀ ਏ.ਵੀ. ਕਟਕਰ ਨੇ ਅੱਜ ਦੱਸਿਆ ਕਿ ਰੰਗਪੁਰ ਥਾਣ ਅਧੀਨ ਪੈਂਦੇ ਪਿੰਡ ਚਿਲੀਯਾਵੰਤ ’ਚ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਦੇ ਸਬੰਧੀ 9 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਸੋਸ਼ਲ ਮੀਡੀਆ ’ਤੇ ਇਸ ਘਟਨਾ ਸਬੰਧੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਹੋਰ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਕੁਝ ਲੋਕ ਦਰੱਖ਼ਤ ਨਾਲ ਬੰਨ੍ਹੇ ਜੋੜੇ ਨੂੰ ਸੋਟੀਆਂ ਨਾਲ ਵਾਰੀ-ਵਾਰੀ ਕੁੱਟਦੇ ਨਜ਼ਰ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਵੀਡੀਓ ਰਾਹੀਂ ਮਾਮਲਾ ਧਿਆਨ ’ਚ ਆਉਣ ’ਤੇ ਅੱਜ ਪੁਲੀਸ ਉਕਤ ਪਿੰਡ ’ਚ ਗਈ ਅਤੇ ਪੀੜਤ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਦੰਗਾ, ਅਗਵਾ ਕਰਨ ਅਤੇ ਗ਼ੈਰਕਾਨੂੰਨੀ ਢੰਗ ਨਾਲ ਬੰਦੀ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਉਕਤ ਜੋੜਾ ਵਿਆਹ ਕਰਵਾਉਣ ਦੇ ਇਰਾਦੇ ਨਾਲ 18 ਜੁਲਾਈ ਨੂੰ ਘਰੋਂ ਭੱਜ ਗਿਆ ਸੀ। ਇਸ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਲੱਭ ਕੇ ਚਿਲੀਯਾਵੰਤ ਲਿਆਉਣ ਮਗਰੋਂ ਮੰਗਲਵਾਰ ਸਵੇਰੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਰੰਗਪੁਰ ਥਾਣੇ ਅਧੀਨ ਪੈਂਦੇ ਪਿੰਡ ਢਾਡਾ ਵਿੱਚ ਵੀ ਇੱਕ ਮਹੀਨਾ ਪਹਿਲਾਂ ਅਜਿਹੀ ਘਟਨਾ ਸਾਹਮਣੇ ਆਈ ਸੀ। -ਪੀਟੀਆਈ