ਨਵੀਂ ਦਿੱਲੀ, 8 ਨਵੰਬਰ
ਵਣਜ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਗੁਜਰਾਤ ਲੌਜਿਸਟਿਕ ਪ੍ਰਦਰਸ਼ਨ ਸੂਚਕਾਂਕ ਵਿੱਚ ਸਿਖਰ ’ਤੇ ਕਾਇਮ ਹੈ। ਇਹ ਸੂਚਕਾਂਕ ਬਰਾਮਦ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਲੌਜਿਸਟਿਕ ਸੇਵਾਵਾਂ ਦੀ ਕੁਸ਼ਲਤਾ ਦਾ ਸੂਚਕ ਹੈ। ਗੁਜਰਾਤ 21 ਸੂਬਿਆਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ। ਉਸ ਤੋਂ ਬਾਅਦ ਹਰਿਆਣਾ, ਪੰਜਾਬ, ਤਾਮਿਲਨਾਡੂ ਅਤੇ ਮਹਾਰਾਸ਼ਟਰ ਦਾ ਸਥਾਨ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੱਲੋਂ ਜਾਰੀ ਲੀਡਸ(ਲੌਜਿਸਟਿਕਸ ਈਜ਼ ਐਕਰੌਸ ਡਿਫਰੈਂਟ ਸਟੇਟਸ) 2021 ਰਿਪੋਰਟ, ਸਮੱਸਿਆ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਹੱਲ ਲਈ ਨੀਤੀਗਤ ਪ੍ਰਕਿਰਿਆ ਤਿਆਰ ਕਰਨ ਵਿੱਚ ਮਦਦ ਕਰੇਗੀ। ਸੂਚਕਾਂਕ ਦਾ ਉਦੇਸ਼ ਸੂਬਿਆਂ ਵਿੱਚ ਲੌਜਿਸਟਿਕ ਸਬੰਧੀ ਪ੍ਰਦਰਸ਼ਨ ਵਿੱਚ ਸੁਧਾਰ ’ਤੇ ਧਿਆਨ ਕੇਂਦਰਿਤ ਕਰਨਾ ਹੈ ਜੋ ਮੁਲਕ ਦੇ ਵਪਾਰ ਵਿੱਚ ਸੁਧਾਰ ਅਤੇ ਲੈਣ ਦੇਣ ਦੀ ਲਾਗਤ ਘਟਾਉਣ ਲਈ ਜ਼ਰੂਰੀ ਹੈ। ਬੀਤੇ ਵਰ੍ਹੇ ਕੋਵਿਡ-19 ਮਹਾਮਾਰੀ ਕਾਰਨ ਰੈਂਕਿੰਗ ਜਾਰੀ ਨਹੀਂ ਕੀਤੀ ਗਈ ਸੀ। ਗੁਜਰਾਤ 2018 ਅਤੇ 2019 ਦੀ ਸਾਲਾਨਾ ਰੈਂਕਿੰਗ ਸੂਚੀ ਵਿੱਚ ਪਹਿਲੇ ਸਥਾਨ ’ਤੇ ਸੀ। -ਏਜੰਸੀ