ਅਹਿਮਦਾਬਾਦ, 30 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹਿਮਦਾਬਾਦ ਵਿੱਚ ਆਪਣੇ ਘਰ ਖਾਣੇ ਦਾ ਸੱਦੇ ਦੇਣ ਵਾਲੇ ਆਟੋਰਿਕਸ਼ਾ ਡਰਾਈਵਰ ਵਿਕਰਮ ਦਨਤਾਨੀ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਅਤੇ ਭਾਜਪਾ ਦਾ ਕੱਟੜ ਸਮਰਥਕ ਹੈ। ਵਿਕਰਮ ਦਨਤਾਨੀ ਨੂੰ ਗੁਜਰਾਤ ਦੇ ਥਲਤੇਜ ਇਲਾਕੇ ਵਿੱਚ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿੱਚ ਦੇਖਿਆ ਗਿਆ ਜਿੱਥੇ ਉਸ ਨੇ ਭਗਵਾ ਸਕਾਰਫ ਅਤੇ ਟੋਪੀ ਪਹਿਨੀ ਹੋਈ ਸੀ। ਇਸ ਦੌਰਾਨ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਵਿਕਰਮ ਨੇ ਕਿਹਾ ਕਿ ਉਸ ਨੇ ਅਹਿਮਦਾਬਾਦ ਦੇ ਟਾਊਨ ਹਾਲ ’ਚ 13 ਸਤੰਬਰ ਨੂੰ ਆਮ ਆਦਮੀ ਪਾਰਟੀ ਦੀ ਮੀਟਿੰਗ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਖਾਣੇ ਦਾ ਸੱਦਾ ਆਟੋਰਿਕਸ਼ਾ ਯੂਨੀਅਨ ਦੇ ਆਗੂਆਂ ਵੱਲੋਂ ਕਹਿਣ ’ਤੇ ਦਿੱਤਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਹ ਇੰਨਾ ਵੱਡਾ ਮੁੱਦਾ ਬਣ ਜਾਵੇਗਾ। ਦਨਤਾਨੀ ਨੇ ਕਿਹਾ, ‘‘ਮੈਂ ਇੱਥੇ (ਰੈਲੀ) ਵਿੱਚ ਇਸ ਕਰਕੇ ਆਇਆ ਹੈ ਕਿਉਂਕਿ ਮੈਂ ਮੋਦੀ ਜੀ ਦਾ ਪ੍ਰਸ਼ੰਸਕ ਹਾਂ। ਮੈਂ ਸ਼ੁਰੂ ਤੋਂ ਭਾਜਪਾ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਆਪਣੀ ਵੋਟਾ ਹਮੇਸ਼ਾ ਭਾਜਪਾ ਨੂੰ ਹੀ ਪਾਈ ਹੈ। ਮੈਂ ਇਹ ਕਿਸੇ ਦਬਾਅ ਹੇਠ ਨਹੀਂ ਕਹਿ ਰਿਹਾ।’’ -ਪੀਟੀਆਈ