ਅਹਿਮਦਾਬਾਦ, 17 ਸਤੰਬਰ
ਗੁਜਰਾਤ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਸੂਬੇ ਭਰ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ‘ਸਮੂਹਿਕ ਅਚਨਚੇਤੀ ਛੁੱਟੀ’ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਹੜਤਾਲ ਦਾ ਸੱਦਾ ਦੇਣ ਵਾਲੀਆਂ ਮੁੱਖ ਮੁਲਾਜ਼ਮ ਜਥੇਬੰਦੀਆਂ ਨੇ ਇਹ ਕਹਿੰਦਿਆਂ ਸ਼ੁੱਕਰਵਾਰ ਨੂੰ ਹੜਤਾਲ ਖ਼ਤਮ ਕਰ ਦਿੱਤੀ ਸੀ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਹਨ ਪਰ ਜ਼ਿਲ੍ਹਾ ਪੱਧਰੀ ਯੂਨੀਅਨਾਂ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਸਬੰਧੀ ਮੁੱਖ ਮੰਗ ਨਹੀਂ ਮੰਨੀ ਹੈ। ਰਾਸ਼ਟਰੀ ਸੰਯੁਕਤ ਮੋਰਚਾ, ਸੌਰਾਸ਼ਟਰ ਖੇਤਰ ਦੇ ਕਨਵੀਨਰ ਮਹੇਸ਼ ਮੋਰੀ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਦੀ ਸੀ ਅਤੇ ਸੂਬਾ ਸਰਕਾਰ ਨੇ ਇਹ ਮਸਲਾ ਹੱਲ ਨਹੀਂ ਕੀਤਾ ਹੈ। ਇਹ ਮੁੱਦਾ ਹਰੇਕ ਮੁਲਾਜ਼ਮ ਦਾ ਹੈ, ਇਸ ਵਾਸਤੇ ਉਨ੍ਹਾਂ ਨੇ ਹੜਤਾਲ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। -ਪੀਟੀਆਈ