ਅਹਿਮਦਾਬਾਦ, 12 ਮਈ
ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਇਕ ਦਲਿਤ ਵਿਅਕਤੀ ਦੀ ਬਰਾਤ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ।
ਜ਼ਿਲ੍ਹਾ ਪੁਲੀਸ ਮੁਖੀ ਵਿਜੈ ਪਟੇਲ ਨੇ ਕਿਹਾ ਕਿ ਇਸ ਸਮਾਰੋਹ ’ਤੇ ਹਮਲਾ ਦਲਿਤਾਂ ਖ਼ਿਲਾਫ਼ ਕਿਸੇ ਤਰ੍ਹਾਂ ਦੇ ਭੇਦਭਾਵ ਤਹਿਤ ਨਹੀਂ ਸੀ ਕੀਤਾ ਗਿਆ। ਸ੍ਰੀ ਪਟੇਲ ਨੇ ਕਿਹਾ, ‘‘ਵਾਧੂ ਖਰਚਾ ਰੋਕਣ ਲਈ ਪਿੰਡ ਦੀ ਪੰਚਾਇਤ ਨੇ ਛੇ ਸਾਲ ਪਹਿਲਾਂ ਇਕ ਮਤਾ ਪਾਸ ਕੀਤਾ ਸੀ ਜਿਸ ਤਹਿਤ ਕਿਸੇ ਵੀ ਜਾਤੀ ਦੇ ਵਿਅਕਤੀ ਲਈ ਬਰਾਤ ਕੱਢਣ ’ਤੇ ਰੋਕ ਲਗਾਈ ਗਈ ਸੀ ਪਰ ਲਾੜੇ ਦੇ ਪਰਿਵਾਰ ਵੱਲੋਂ ਬਰਾਤ ਕੱਢਣ ਦੀ ਜ਼ਿੱਦ ਕੀਤੀ ਜਾ ਰਹੀ ਸੀ। ਇਸ ਕਰ ਕੇ ਬਰਾਤ ਲੈ ਕੇ ਜਾਣ ਦੌਰਾਨ ਕੁਝ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ।’’ ਫਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। -ਪੀਟੀਆਈ