ਗਾਂਧੀਨਗਰ, 16 ਸਤੰਬਰ
ਗੁਜਰਾਤ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਾਂ ਪੈਂਤੜਾ ਅਪਣਾਉਂਦਿਆਂ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਨਵੇਂ ਚੁਣੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੀ ਅਗਵਾਈ ਹੇਠਲੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ 24 ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ 21 ਅਜਿਹੇ ਹਨ ਜੋ ਪਹਿਲੀ ਵਾਰ ਮੰਤਰੀ ਬਣੇ ਹਨ। ਕੈਬਨਿਟ ਵਿੱਚ ਦੋ ਮਹਿਲਾਵਾਂ ਸਣੇ ਮੰਤਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ।
ਰਾਜ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਰੋਹ ਦੌਰਾਨ ਕਰੀਬ ਡੇਢ ਵਜੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਜਿੰਦਰ ਤ੍ਰਿਵੇਦੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਜੀਤੂ ਵਘਾਨੀ ਸਣੇ ਹੋਰ ਮੰਤਰੀਆਂ ਨੇ ਹਲਫ਼ ਲਿਆ। ਮੰਤਰੀ ਮੰਡਲ ਵਿੱਚ ਵਿਜੈ ਰੂਪਾਨੀ ਦੀ ਅਗਵਾਈ ਹੇਠਲੀ ਸਾਬਕਾ ਸਰਕਾਰ ਦੇ ਕਿਸੇ ਮੰਤਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਰਾਜਪਾਲ ਅਚਾਰਿਆ ਦੇਵਵ੍ਰੱਤ ਨੇ ਸੂਬੇ ਦੇ ਦਸ ਕੈਬਨਿਟ ਮੰਤਰੀਆਂ ਅਤੇ 14 ਮੰਤਰੀਆਂ ਨੂੰ ਸਹੁੰ ਚੁਕਾਈ। ਭੁਪੇਂਦਰ ਪਟੇਲ (59), ਜਿਨ੍ਹਾਂ ਨੇ ਸੋਮਵਾਰ ਨੂੰ ਸੂਬੇ ਦੇ 17ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਵੀ ਅੱਜ ਸਮਾਰੋਹ ਮੌਕੇ ਮੌਜੂਦ ਸਨ। ਇਸ ਦੌਰਾਨ ਰੂਪਾਨੀ ਨੇ ਵੀ ਸ਼ਮੂਲੀਅਤ ਕੀਤੀ। ਚੇਤੇ ਰਹੇ, ਰੂਪਾਨੀ ਵੱਲੋਂ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ਕਾਰਨ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ। ਕੈਬਨਿਟ ਮੰਤਰੀਆਂ ਵਜੋਂ ਰਾਜਿੰਦਰ ਤ੍ਰਿਵੇਦੀ, ਜੀਤੂ ਵਘਾਨੀ, ਰੁਸ਼ੀਕੇਸ਼ ਪਟੇਲ, ਪੁਰਨੇਸ਼ ਮੋਦੀ, ਰਾਘਵਜੀ ਪਟੇਲ, ਕਨੂਭਾਈ ਦੇਸਾਈ, ਕ੍ਰਿਤਸਿੰਘ ਰਾਣਾ, ਨਰੇਸ਼ ਪਟੇਲ, ਪ੍ਰਦੀਪ ਪਰਮਾਰ ਅਤੇ ਅਰਜੁਨ ਸਿੰਘ ਚੌਹਾਨ ਨੇ ਅੱਜ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਤ੍ਰਿਵੇਦੀ, ਰਾਣਾ ਅਤੇ ਰਾਘਵਜੀ ਪਟੇਲ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ। ਨੌਂ ਸੂਬਾਈ ਮੰਤਰੀਆਂ ਵਿੱਚ ਮੁਕੇਸ਼ ਪਟੇਲ, ਨਿਮੀਸ਼ਾ ਸੁਥਾਰ, ਅਰਵਿੰਦ ਰਾਏਯਾਨੀ, ਕੁਬੇਰ ਦਿਨਡੋਰ, ਕ੍ਰਿਤਸਿੰਘ ਵਘੇਲਾ, ਗਜੇਂਦਰ ਸਿੰਘ ਪਰਮਾਰ, ਆਰ ਸੀ ਮਕਵਾਨਾ, ਵਿਨੋਦ ਮੋਰਾਡੀਆ ਅਤੇ ਦੇਵਾ ਮਾਲਮ ਸ਼ਾਮਲ ਹਨ। ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਰੂਪਾਨੀ ਧੜੇ ਦੇ ਸੀਨੀਅਰ ਮੰਤਰੀਆਂ ਨਿਤਿਨ ਪਟੇਲ, ਭੁਪੇਂਦਰ ਸਿੰਘ, ਕੌਸ਼ਿਕ ਪਟੇਲ, ਪ੍ਰਦੀਪ ਸਿੰਘ ਜਡੇਜਾ ਅਤੇ ਆਰਸੀ ਫਲਦੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਭਾਜਪਾ ਨੇ ਰੂਪਾਨੀ ਧੜੇ ਦੇ ਕਿਸੇ ਮੈਂਬਰ ਨੂੰ ਸ਼ਾਮਲ ਨਾ ਕਰ ਕੇ ਕੋਈ ਮੰਤਰੀ ਨਾ ਦੁਹਰਾਉਣ ਦਾ ਫਾਰਮੂਲਾ ਅਪਣਾਇਆ ਹੈ। -ਪੀਟੀਆਈ
ਆਗਾਮੀ ਚੋਣਾਂ ਦੇ ਮੱਦੇਨਜ਼ਰ ਜਾਤਾਂ ਦਾ ਸੰਤੁਲਨ ਬਣਾਉਣ ’ਤੇ ਦਿੱਤਾ ਜ਼ੋਰ
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਮੰਤਰੀ ਮੰਡਲ ਦੇ ਗਠਨ ਨਾਲ ਭਾਜਪਾ ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਭਾਵ ਪਾਉਣ ਦਾ ਯਤਨ ਕਰ ਰਹੀ ਹੈ। ਪਾਰਟੀ ਜਾਤਾਂ ਦਾ ਸੰਤੁਲਨ ਤੇ ਖੇਤਰੀ ਪ੍ਰਤੀਨਿਧਤਾ ਕਾਇਮ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਟੀਦਾਰ ਭਾਈਚਾਰਿਆਂ ਦੇ ਆਗੂ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਛੇ ਪਾਟੀਦਾਰ ਸਮੇਤ ਹੇਠਲੀਆਂ ਜਾਤਾਂ, ਬਾਹਮਣਾਂ ਅਤੇ ਕਸ਼ੱਤਰੀਆਂ ਅਤੇ ਜੈਨ ਫਿਰਕਿਆਂ ਦੇ ਆਗੂਆਂ ਨੂੰ ਪ੍ਰਤੀਨਿਧਤਾ ਸੌਂਪੀ ਹੈ।
ਮੋਦੀ ਨੇ ਦਿੱਤੀ ਨਵੀਂ ਗੁਜਰਾਤ ਸਰਕਾਰ ਨੂੰ ਵਧਾਈ
ਨਵੀਂ ਦਿੱਲੀ : ਵੀਰਵਾਰ ਨੂੰ ਸਹੁੰ ਚੁੱਕਣ ਵਾਲੇ ਗੁਜਰਾਤ ਦੇ ਮੰਤਰੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦੇ ਵਿਕਾਸ ਦੇ ਏਜੰਡੇ ਦਾ ਪਸਾਰ ਕਰਨ ਅਤੇ ਜਨਤਾ ਦੀ ਸੇਵਾ ਲਈ ਆਪਣੀਆਂ ਜ਼ਿੰਦਗੀਆਂ ਲੇਖੇ ਲਾਉਣ ਵਾਲੇ ‘ਕਾਰਿਆਕਰਤਾ’ ਦਾ ਯੋਗਦਾਨ ਸ਼ਲਾਘਾਯੋਗ ਹੈ। ਮੋਦੀ ਨੇ ਟਵੀਟ ਕੀਤਾ,‘ਸਾਰੇ ਪਾਰਟੀ ਦੇ ਵਰਕਰਾਂ ਨੂੰ ਵਧਾਈ ਹੋਵੇ ਜਿਨ੍ਹਾਂ ਨੇ ਗੁਜਰਾਤ ਸਰਕਾਰ ਵਿੱਚ ਮੰਤਰੀਆਂ ਵਜੋਂ ਹਲਫ਼ ਲਿਆ ਹੈ।’ -ਪੀਟੀਆਈ