ਨਵੀਂ ਦਿੱਲੀ, 11 ਅਪਰੈਲ
ਨੀਤੀ ਆਯੋਗ ਦੇ ਊਰਜਾ ਅਤੇ ਵਾਤਾਵਰਨ ਸੂਚਕ ਅੰਕ-ਪਹਿਲਾ ਗੇੜ ’ਚ ਗੁਜਰਾਤ ਮੋਹਰੀ ਰਿਹਾ ਹੈ। ਛੇ ਮਾਪਦੰਡਾਂ ’ਤੇ ਇਹ ਰੈਕਿੰਗ ਤੈਅ ਕੀਤੀ ਗਈ ਹੈ। ਸੂਚੀ ’ਚ ਕੇਰਲਾ ਨੂੰ ਦੂਜਾ ਅਤੇ ਪੰਜਾਬ ਨੂੰ ਤੀਜਾ ਸਥਾਨ ਮਿਲਿਆ ਹੈ। ਵੱਡੇ ਸੂਬਿਆਂ ’ਚੋਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਰਗੇ ਸੂਬੇ ਹੇਠਲੇ ਪੱਧਰ ’ਤੇ ਰਹੇ। ਛੋਟੇ ਸੂਬਿਆਂ ’ਚੋਂ ਗੋਆ ਨੇ ਬਾਜ਼ੀ ਮਾਰੀ ਜਦਕਿ ਤ੍ਰਿਪੁਰਾ ਦੂਜੇ ਅਤੇ ਮਨੀਪੁਰ ਤੀਜੇ ਸਥਾਨ ’ਤੇ ਆਏ। ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ’ਚੋਂ ਚੰਡੀਗੜ੍ਹ ਸੂਚਕ ਅੰਕ ’ਚ ਪਹਿਲੇ ਸਥਾਨ ’ਤੇ ਰਿਹਾ। ਇਸ .ਮਗਰੋਂ ਦਿੱਲੀ, ਦਮਨ ਅਤੇ ਦੀਊ, ਦਾਦਰਾ ਅਤੇ ਨਗਰ ਹਵੇਲੀ ਦਾ ਨੰਬਰ ਆਇਆ। ਵੱਡੇ ਸੂਬਿਆਂ ’ਚ ਪੰਜਾਬ ਡਿਸਕੌਮ ਕਾਰਗੁਜ਼ਾਰੀ ਦੇ ਪੈਮਾਨੇ ’ਤੇ ਬਿਹਤਰੀਨ ਰਿਹਾ। ਸਾਫ਼ ਊਰਜਾ ਦੇ ਮਾਮਲੇ ’ਚ ਹਰਿਆਣਾ ਦੀ ਕਾਰਗੁਜ਼ਾਰੀ ਵਧੀਆ ਰਹੀ। ਸੂਚਕ ਅੰਕ 2019-20 ਦੇ ਡੇਟਾ ’ਤੇ ਆਧਾਰਿਤ ਹੈ। ਰਿਪੋਰਟ ਜਾਰੀ ਕਰਦਿਆਂ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਇੰਡੈਕਸ ਨਾਲ ਸੂਬਿਆਂ ਅਤੇ ਯੂਟੀਜ਼ ਨੂੰ ਊਰਜਾ ਬਚਾਉਣ ਅਤੇ ਉਸ ’ਚ ਸੁਧਾਰ ਦੀ ਹੱਲਾਸ਼ੇਰੀ ਮਿਲੇਗੀ। -ਪੀਟੀਆਈ