ਗਾਂਧੀਨਗਰ, 29 ਅਪਰੈਲ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਗੁਜਰਾਤ ਉਨ੍ਹਾਂ ਦੀ ਪਾਰਟੀ ਲਈ ‘ਲੈਬਾਰਟਰੀ’ ਵਾਂਗ ਹੈ ਜਿੱਥੇ ਸ਼ਾਸਨ ਤੇ ਪਾਰਟੀ ਸੰਗਠਨ ਨਾਲ ਜੁੜੇ ਤਜਰਬੇ ਕੀਤੇ ਜਾਂਦੇ ਹਨ। ਸੂਬੇ ਦੇ ਇਕ ਦਿਨ ਦੇ ਦੌਰੇ ਉਤੇ ਪੁੱਜੇ ਨੱਢਾ ਨੇ ਨਾਲ ਹੀ ਦਾਅਵਾ ਕੀਤਾ ਕਿ ਭਾਜਪਾ ਹੀ ਹੁਣ ਦੇਸ਼ ਵਿਚ ਇਕੋ-ਇਕ ਸੱਚੀ ਕੌਮੀ ਪਾਰਟੀ ਹੈ ਜਦਕਿ ਕਾਂਗਰਸ ਸਿਰਫ਼ ‘ਭੈਣ-ਭਰਾਵਾਂ’ ਦੀ ਪਾਰਟੀ ਬਣ ਕੇ ਰਹਿ ਗਈ ਹੈ। ਖੇਤਰੀ ਪਾਰਟੀਆਂ ’ਤੇ ਵੀ ਪਰਿਵਾਰਵਾਦ ਭਾਰੂ ਹੈ। ਨੱਢਾ ਨੇ ਕਿਹਾ ਕਿ ‘ਗੁਜਰਾਤ ਮਾਡਲ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾਵੇਗਾ’। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਵਜੋਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਨੱਢਾ ਨੇ ਕਿਹਾ ਕਿ ਨਰਿੰਦਰ ਮੋਦੀ ਜਦ ਪਾਰਟੀ ਅਹੁਦੇਦਾਰ ਤੇ ਮਗਰੋਂ ਸੂਬੇ ਦੇ ਮੁੱਖ ਮੰਤਰੀ ਸਨ, ਉਸ ਵੇਲੇ ਪਾਰਟੀ ਨੂੰ ਵਿਕਸਿਤ ਕਰਨ ਦੇ ਸਾਰੇ ‘ਸਫ਼ਲ ਤਜਰਬੇ’ ਗੁਜਰਾਤ ਵਿਚ ਹੀ ਹੋਏ ਸਨ। ਉਨ੍ਹਾਂ ਦੇ ਗੁਜਰਾਤ ਕਾਰਜਕਾਲ ਦੌਰਾਨ ਪਾਰਟੀ ‘ਬਦਲਾਅ ਦਾ ਮਾਧਿਅਮ’ ਬਣੀ। ਨੱਢਾ ਨੇ ਕਿਹਾ ਕਿ, ‘ਮੋਦੀ ਨੇ ਗੁਜਰਾਤ ਨੂੰ ਵਿਕਾਸ ਦਾ ਮਾਡਲ ਬਣਾਇਆ। ਕੌਮੀ ਪੱਧਰ ਉਤੇ ਅਸੀਂ ਹੁਣ ਉਸੇ ਤਜਰਬੇ ਦੀ ਝਲਕ ਦੇਖਦੇ ਹਾਂ।’ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਿਛਲੇ ਸਾਲ ਭੁਪੇਂਦਰ ਪਟੇਲ ਨੂੰ ਅਚਾਨਕ ਮੁੱਖ ਮੰਤਰੀ ਬਣਾਏ ਜਾਣਾ ਵੀ ਪਾਰਟੀ ਦੇ ਇਸੇ ‘ਤਜਰਬੇ ਦੀ ਨੀਤੀ’ ਦਾ ਹਿੱਸਾ ਸੀ। -ਪੀਟੀਆਈ