ਨਵਸਾਰੀ, 29 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਤੋਂ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਨੂੰ ਭਾਜਪਾ ਹਮਾਇਤੀਆਂ ਨੇ ਅੱਜ ਉਸ ਸਮੇਂ ਕਾਲੇ ਝੰਡੇ ਦਿਖਾਏ ਜਦੋਂ ਉਹ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਚਿਖਲੀ ’ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ। ਭਾਜਪਾ ਹਮਾਇਤੀਆਂ ਨੇ ਇਸ ਦੌਰਾਨ ‘ਮੋਦੀ, ਮੋਦੀ’ ਦੇ ਨਾਅਰੇ ਵੀ ਮਾਰੇ। ਬਾਅਦ ਵਿੱਚ ਰੈਲੀ ਨੂੰ ਸੰਬੋਧਨ ਦੌਰਾਨ ਇਸ ਘਟਨਾ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਆਪਣਾ ਭਰਾ ਮੰਨਦੇ ਹਨ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਇੱਕ ਦਿਨ ਉਹ ਉਨ੍ਹਾਂ (ਭਾਜਪਾ ਹਮਾਇਤੀਆਂ) ਦਾ ਦਿਲ ਜਿੱਤ ਲੈਣਗੇ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਲੈਣਗੇ। ਕੇਜਰੀਵਾਲ ਨੇ ਕਿਹਾ ਕਿ ਲੋਕ ਆਪਣੀ ਪਸੰਦ ਦੀ ਪਾਰਟੀ ਨੂੰ ਵੋਟ ਦੇ ਸਕਦੇ ਹਨ ਪਰ ‘ਆਪ’ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਤੇ ਪਰਿਵਾਰਾਂ ਨੂੰ ਮਿਆਰੀ ਇਲਾਜ ਮਿਲੇ। -ਪੀਟੀਆਈ
ਮੁੱਖ ਮੰਤਰੀ ਦੇ ਚਿਹਰੇ ਲਈ ਲੋਕਾਂ ਤੋਂ ਰਾਏ ਮੰਗੀ
ਸੂਰਤ: ਅਰਵਿੰਦ ਕੇਜਰੀਵਾਲ ਨੇ ਅੱਜ ਗੁਜਰਾਤ ਦੇ ਲੋਕਾਂ ਨੂੰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਚੁਣਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਆਗੂ ਨੂੰ ਸਭ ਤੋਂ ਵੱਧ ਵੋਟਾਂ ਮਿਲਣਗੀਆਂ ਉਸ ਨੂੰ ‘ਆਪ’ ਆਪਣਾ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਇੱਕ ਫੋਨ ਨੰਬਰ ਸਾਂਝਾ ਕੀਤਾ ਜਿਸ ’ਤੇ ਲੋਕ ਵੱਟਸਐੱਸ, ਵੁਆਇਸ ਮੈਸੇਜ ਜਾਂ ਟੈਕਸਟ ਮੈਸੇਜ ਰਾਹੀਂ ਆਪਣੀ ਰਾਏ ਦੇ ਸਕਦੇ ਹਨ। -ਆਈਏਐੱਨਐੱਸ
ਅਰਾਜਕਤਾ ਦੇ ਪ੍ਰਤੀਕ ਹਨ ਕੇਜਰੀਵਾਲ: ਅਨੁਰਾਗ
ਸ਼ਿਮਲਾ: ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਅਰਵਿੰਦ ਕੇਜਰੀਵਾਲ ਜੋ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕਰਦੇ ਹਨ, ਅਰਾਜਕਤਾ ਦੇ ਪ੍ਰਤੀਕ ਹਨ।’ ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਸਰਕਾਰ ਦਿੱਲੀ ’ਚ ਮੌਲਵੀਆਂ ਦੀ ਤਰਜ ’ਤੇ ਮੰਦਰਾਂ ਦੇ ਪੁਜਾਰੀਆਂ, ਗੁਰਦੁਆਰੇ ਦੇ ਗ੍ਰੰਥੀਆਂ ਤੇ ਚਰਚ ਦੇ ਪਾਦਰੀਆਂ ਨੂੰ 18 ਹਜ਼ਾਰ ਰੁਪਏ ਦੇਵੇਗੀ। -ਪੀਟੀਆਈ