ਊਨਾ (ਗੁਜਰਾਤ), 2 ਦਸੰਬਰ
ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ’ਚ ਖ਼ਰਾਬ ਮੌਸਮ ਕਾਰਨ ਮਛੇਰਿਆਂ ਦੀਆਂ ਕਿਸ਼ਤੀਆਂ ਸਮੁੰਦਰ ਦੇ ਪਾਣੀ ’ਚ ਡੁੱਬ ਗਈਆਂ ਜਿਸ ਕਾਰਨ ਅੱਠ ਮਛੇਰੇ ਲਾਪਤਾ ਹੋ ਗਏ ਹਨ। ਸਾਹਿਲੀ ਰੱਖਿਅਕਾਂ ਵੱਲੋਂ ਹੈਲੀਕਾਪਟਰ ਦੀ ਸਹਾਇਤਾ ਨਾਲ ਰਾਹਤ ਕਾਰਜ ਚਲਾਏ ਗਏ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ 10 ਕਿਸ਼ਤੀਆਂ ਮੁਕੰਮਲ ਤੌਰ ’ਤੇ ਨਸ਼ਟ ਹੋ ਗਈਆਂ ਹਨ ਜਦਕਿ ਕੰਢੇ ’ਤੇ ਖੜ੍ਹੀਆਂ 40 ਹੋਰ ਕਿਸ਼ਤੀਆਂ ਖ਼ਰਾਬ ਮੌਸਮ ਕਾਰਨ ਅੰਸ਼ਕ ਤੌਰ ’ਤੇ ਨੁਕਸਾਨੀਆਂ ਗਈਆਂ ਹਨ।
ਊਨਾ ਦੇ ਮਾਲ ਅਧਿਕਾਰੀ ਆਰ ਆਰ ਖਾਂਬੜਾ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਸਮੁੰਦਰ ’ਚ ਮੌਸਮ ਖਰਾਬ ਹੋਣ ਦਾ ਅਸਰ ਨਵਾਬਾਂਦਰ ਪਿੰਡ ’ਤੇ ਪਿਆ। ਸ਼ੁਰੂ ’ਚ 12 ਮਛੇਰਿਆਂ ਦਾ ਪਤਾ ਨਹੀਂ ਲੱਗ ਰਿਹਾ ਸੀ ਪਰ ਚਾਰ ਤੈਰ ਕੇ ਕੰਢੇ ’ਤੇ ਪਹੁੰਚਣ ’ਚ ਕਾਮਯਾਬ ਰਹੇ।
ਪਿੰਡ ਦੇ ਸਰਪੰਚ ਸੋਮਵਾਰ ਮਜੀਠੀਆ ਨੇ ਕਿਹਾ ਕਿ ਜਦੋਂ ਸਮੁੰਦਰ ’ਚ ਮੌਸਮ ਖ਼ਰਾਬ ਹੋਇਆ ਸੀ ਤਾਂ ਮਛੇਰੇ ਕੰਢੇ ’ਤੇ ਖੜ੍ਹੀਆਂ ਕਿਸ਼ਤੀਆਂ ’ਚ ਸੌਂ ਰਹੇ ਸਨ। ਗੁਜਰਾਤ ’ਚ ਬੁੱਧਵਾਰ ਨੂੰ ਅਚਾਨਕ ਹੀ ਮੌਸਮ ਖ਼ਰਾਬ ਹੋ ਗਿਆ ਸੀ ਅਤੇ ਕੁਝ ਹਿੱਸਿਆਂ ’ਚ ਮੀਂਹ ਵੀ ਪਿਆ ਸੀ। -ਪੀਟੀਆਈ