ਮੁੰਬਈ, 14 ਸਤੰਬਰ
ਸ਼ਿਵ ਸੈਨਾ ਨੇ ਗੁਜਰਾਤ ਵਿਚ ਭਾਜਪਾ ਵੱਲੋਂ ਅਚਾਨਕ ਮੁੱਖ ਮੰਤਰੀ ਬਦਲਣ ’ਤੇ ਸਵਾਲ ਉਠਾਇਆ ਹੈ। ਪਾਰਟੀ ਨੇ ‘ਸਾਮਨਾ’ ਦੇ ਸੰਪਾਦਕੀ ਵਿਚ ਲਿਖਿਆ ਕਿ ਪਹਿਲੀ ਵਾਰ ਹੀ ਵਿਧਾਇਕ ਬਣੇ ਭੁਪੇਂਦਰ ਪਟੇਲ ਨੂੰ ਮੁੱਖ ਮੰਤਰੀ ਬਣਾਉਣਾ, ਕਾਂਗਰਸ ਦੀ ਸਿਆਸੀ ਕਾਰਜਪ੍ਰਣਾਲੀ ਨਾਲ ਮੇਲ ਖਾਂਦਾ ਹੈ। ਸੈਨਾ ਨੇ ਦਾਅਵਾ ਕੀਤਾ ਕਿ ਗੁਜਰਾਤ ਵਿਚ ਵਿਕਾਸ ਮਾਡਲ ਦਾ ਗੁਬਾਰਾ ਫਟ ਗਿਆ ਹੈ। ਲੇਖ ਮੁਤਾਬਕ ਗੁਜਰਾਤ ਦੇ ਲੋਕ ਦੂਜੀ ਕੋਵਿਡ ਲਹਿਰ ਦੌਰਾਨ ਸਿਹਤ ਢਾਂਚੇ ਦੇ ‘ਢਹਿ-ਢੇਰੀ’ ਹੋਣ ਤੋਂ ਸਖ਼ਤ ਨਾਰਾਜ਼ ਹਨ। ਉਦੋਂ ਵਿਜੈ ਰੂਪਾਨੀ ਮੁੱਖ ਮੰਤਰੀ ਸਨ। ਸੈਨਾ ਨੇ ਕਿਹਾ ਕਿ ਭਾਜਪਾ ਨੂੰ ਅਹਿਸਾਸ ਹੈ ਕਿ ਤਾਕਤਵਰ ਪਾਟੀਦਾਰ ਭਾਈਚਾਰਾ ਵੀ ਪਾਰਟੀ ਨਾਲ ਗੁੱਸੇ ਹੈ ਤੇ ਇਸੇ ਨਾਲ ਨਵੇਂ ਮੁੱਖ ਮੰਤਰੀ ਸਬੰਧ ਰੱਖਦੇ ਹਨ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਪਟੇਲ ਨੂੰ ਚੁਣਿਆ ਗਿਆ ਹੈ। ਲੇਖ ਮੁਤਾਬਕ ‘ਇਹੀ ਚੀਜ਼ ਕਾਂਗਰਸ ਵਿਚ ਹੀ ਹੋਈ ਹੈ ਤੇ ਅਸੀਂ ਇਸ ਨੂੰ ਲੋਕਤੰਤਰ ਕਹਿੰਦੇ ਹਾਂ।’ -ਪੀਟੀਆਈ