ਨਵੀਂ ਦਿੱਲੀ, 14 ਅਪਰੈਲ
ਕਾਂਗਰਸ ਦੀ ਗੁਜਰਾਤ ਇਕਾਈ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਅੱਜ ਦੋਸ਼ ਲਗਾਇਆ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਚਾਹੁੰਦੀ ਹੈ ਕਿ ਉਹ ਪਾਰਟੀ ਛੱਡ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦਾ ਮੁੱਦਾ ਉਹ ਕਈ ਵਾਰ ਰਾਹੁਲ ਗਾਂਧੀ ਕੋਲ ਉਠਾ ਚੁੱਕੇ ਹਨ ਪਰ ਸਮੱਸਿਆ ਦੇ ਹੱਲ ਲਈ ਕੁਝ ਨਹੀਂ ਕੀਤਾ ਗਿਆ।
ਪੀਟੀਆਈ ਨੂੰ ਟੈਲੀਫੋਨ ’ਤੇ ਦਿੱਤੇ ਇਕ ਇੰਟਰਵਿਊ ਵਿੱਚ ਪਟੇਲ ਨੇ ਦਾਅਵਾ ਕੀਤਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਨਾ ਬਣਨ ਲਈ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਅਤੇ ਸਥਾਨਕ ਕਾਂਗਰਸੀ ਆਗੂਆਂ ਦਾ ਦੂਜੀਆਂ ਪਾਰਟੀਆਂ ਨਾਲ ‘ਗੁਪਤ ਗੱਠਜੋੜ’ ਜ਼ਿੰਮੇਵਾਰ ਹੈ। ਪਟੇਲ ਨੇ ਕਿਹਾ, ‘‘ਮੈਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹੈ, ਜਿਸ ਕਾਰਨ ਮੈਂ ਬਹੁਤ ਬੁਰਾ ਮਹਿਸੂਸ ਕਰ ਰਿਹਾ ਹਾਂ।’’ ਸਾਲ 2015 ਵਿੱਚ ਗੁਜਰਾਤ ’ਚ ਪਾਟੀਦਾਰ ਭਾਈਚਾਰੇ ਲਈ ਓਬੀਸੀ ਵਰਗ ਅਧੀਨ ਰਾਖਵੇਂਕਰ ਦੀ ਮੰਗ ਨੂੰ ਲੈ ਕੇ ਕੀਤੇ ਗਏ ਅੰਦੋਲਨ ਦੀ ਅਗਵਾਈ ਕਰਨ ਕਰ ਕੇ ਹਾਰਦਿਕ ਪਟੇਲ ਕਾਫੀ ਮਸ਼ਹੂਰ ਹੋ ਗਏ ਸਨ।
ਹਾਲਾਂਕਿ, ਸਾਲ 2019 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦੀ ਇਹ ਪ੍ਰਸਿੱਧੀ ਘੱਟ ਗਈ ਸੀ ਕਿਉਂਕਿ ਪਹਿਲਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਕਦੇ ਵੀ ਸਿਆਸਤ ਵਿੱਚ ਨਹੀਂ ਜਾਣਗੇ। -ਪੀਟੀਆਈ