- ਮ੍ਰਿਤਕਾਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ; ਮੌਤਾਂ ਵਧਣ ਦਾ ਖ਼ਦਸ਼ਾ
- ਮੁਰੰਮਤ ਮਗਰੋਂ ਚਾਰ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ ਪੁਲ
- ਐੱਨਡੀਆਰਐੱਫ ਅਤੇ ਹੋਰ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ
- ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਦੁੱਖ ਦਾ ਇਜ਼ਹਾਰ
- ਸੂਬਾ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ 5 ਮੈਂਬਰੀ ‘ਸਿਟ’ ਕਾਇਮ
ਮੋਰਬੀ/ਅਹਿਮਦਾਬਾਦ, 30 ਅਕਤੂਬਰ
ਮੁੱਖ ਅੰਸ਼
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਅੱਜ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਮੱਛੂ ਨਦੀ ’ਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਰਕੇ ਘੱਟੋ-ਘੱਟ 77 ਵਿਅਕਤੀ ਹਲਾਕ ਹੋ ਗਏ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੇ ਅਸਾਰ ਹਨ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਤੇ ਕਈ ਅਜੇ ਵੀ ਲਾਪਤਾ ਹਨ। ਸਥਾਨਕ ਵਿਧਾਇਕ ਨੇ ਹਾਦਸੇ ਵਿੱਚ 77 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਟੀਵੀ ਚੈਨਲਾਂ ਨੇ 91 ਮੌਤਾਂ ਦਾ ਦਾਅਵਾ ਕੀਤਾ ਹੈ। ਸਦੀ ਪੁਰਾਣੇ ਪੁਲ ਨੂੰ ਮੁਰੰਮਤ ਲਈ ਸੱਤ ਮਹੀਨੇ ਬੰਦ ਰੱਖਣ ਮਗਰੋਂ ਚਾਰ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਹਾਦਸੇ ਮੌਕੇ ਪੁਲ ’ਤੇ ਵੱਡੀ ਗਿਣਤੀ ਲੋਕ ਮੌਜੂਦ ਸਨ, ਜੋ ਇਨ੍ਹਾਂ ਦਾ ਭਾਰ ਝੱਲਣ ਵਿੱਚ ਨਾਕਾਮ ਰਿਹਾ। ਗੁਜਰਾਤ ਦੇ ਮੁੱਖ ਮੰਤਰੀ ਭੁਪੇਸ਼ ਪਟੇਲ ਮੌਕੇ ’ਤੇ ਪੁੱਜ ਗਏ ਹਨ। ਸੂਬਾ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਆਈਏਐੱਸ ਅਧਿਕਾਰੀ ਦੀ ਅਗਵਾਈ ਹੇਠ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਮੌਕੇ ’ਤੇ ਪੁੱਜੀਆਂ ਐੱਨਡੀਆਰਐੱਫ ਦੀਆਂ ਤਿੰਨ ਟੀਮਾਂ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਿੱਤਰੀ ਰਾਜ ਵਿੱਚ ਵਾਪਰੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ ਹੈ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਵਿੱਚ ਮਾਰੇ ਗਏ ਪੀੜਤਾਂ ਦੇ ਵਾਰਸਾਂ ਲਈ 4-4 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਹਾਦਸੇ ’ਤੇ ਦੁਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਨੂੰ ਫੌਰੀ ਇਲਾਜ਼ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਦੀਵਾਲੀ ਦੀ ਛੁੱਟੀ ਤੇ ਐਤਵਾਰ ਹੋਣ ਕਰਕੇ ਪੁਲ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਸੀ, ਉੱਤੇ ਵੱਡੀ ਗਿਣਤੀ ਲੋਕ ਮੌਜੂਦ ਸਨ। ਪੁਲ ਦੀ ਮੁਰੰਮਤ ਦਾ ਕੰਮ ਨਿੱਜੀ ਕੰਪਨੀ ਵੱਲੋਂ ਸਿਰੇ ਚਾੜ੍ਹਿਆ ਗਿਆ ਸੀ ਤੇ ਇਸ ਨੂੰ ਚਾਰ ਦਿਨ ਪਹਿਲਾਂ 26 ਅਕਤੂਬਰ ਨੂੰ ਗੁਜਰਾਤੀ ਨਵੇਂ ਸਾਲ ਮੌਕੇ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਸਥਾਨਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਕਿਹਾ, ‘‘ਪੁਲ ਟੁੱਟਣ ਕਰਕੇ ਕਈ ਲੋਕ ਨਦੀ ਵਿੱਚ ਡਿੱਗ ਪਏ। ਰਾਹਤ ਕਾਰਜ ਜਾਰੀ ਹਨ। ਕਈ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।’’ ਵਿਧਾਇਕ ਨੇ ਹਾਦਸੇ ਵਿੱਚ 60 ਮੌਤਾਂ ਹੋਣ ਦਾ ਦਾਅਵਾ ਕੀਤਾ ਹੈ। ਰਾਹਤ ਕਾਰਜਾਂ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ। -ਪੀਟੀਆਈ
ਰਾਹੁਲ ਗਾਂਧੀ ਨੇ ਕਾਂਗਰਸੀ ਵਰਕਰਾਂ ਨੂੰ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪੁਲ ਹਾਦਸੇ ਦੀ ਖ਼ਬਰ ਦੁਖੀ ਕਰਨ ਵਾਲੀ ਹੈ। ਉਨ੍ਹਾਂ ਟਵੀਟ ਕੀਤਾ, ‘‘ਅਜਿਹੀ ਔਖੀ ਘੜੀ ਵਿੱਚ ਮੈਂ ਪੀੜਤ ਪਰਿਵਾਰਾਂ ਨਾਲ ਡੂੰਘੀਆਂ ਸੰਵੇਦਨਾਵਾਂ ਜ਼ਾਹਰ ਕਰਦਾ ਹਾਂ। ਕਾਂਗਰਸ ਪਾਰਟੀ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਾਦਸੇ ਵਿੱਚ ਜ਼ਖ਼ਮੀ ਵਿਅਕਤੀਆਂ ਦੀ ਹਰ ਸੰਭਵ ਮਦਦ ਦੇ ਨਾਲ ਲਾਪਤਾ ਲੋਕਾਂ ਦੀ ਭਾਲ ਵਿੱਚ ਵੀ ਸਹਾਇਤਾ ਕਰਨ।’’ ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਹਾਦਸੇ ਨੂੰ ਦੁਖਦਾਈ ਦੱਸਦੇ ਹੋਏ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ। ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਹਾਦਸੇ ’ਤੇ ਦੁੱਖ ਜਤਾਇਆ।
ਸਾਰੇ ਸੁਰੱਖਿਅਤ ਹੋਣ ਤੇ ਜਲਦ ਆਪਣਿਆਂ ਵਿਚਕਾਰ ਪੁੱਜਣ: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, ‘‘ਗੁਜਰਾਤ ਦੇ ਮੋਰਬੀ ਤੋਂ ਦੁਖਦਾਈ ਖ਼ਬਰ ਆ ਰਹੀ ਹੈ… ਮੋਰਬੀ ’ਚ ਪੁਲ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ…ਜਿਸ ਵਿੱਚ ਕਈ ਲੋਕਾਂ ਦੇ ਨਦੀ ’ਚ ਡਿੱਗਣ ਦੀ ਖ਼ਬਰ ਮਿਲ ਰਹੀ ਹੈ। ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਹੋਣ ਤੇ ਜਲਦ ਆਪਣਿਆਂ ਵਿਚਕਾਰ ਪਹੁੰਚਣ।’ ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਹਾਦਸੇ ਨੂੰ ਦੁਖਦਾਈ ਦੱਸਿਆ। ਉਨ੍ਹਾਂ ਕਿਹਾ, ‘‘ਪਰਮਾਤਮਾ ਤੋਂ ਪੀੜਤਾਂ ਦੀ ਜਾਨ ਤੇ ਸਿਹਤ ਦੀ ਦੁਆ ਕਰਦਾ ਹਾਂ।’’