ਅਹਿਮਦਾਬਾਦ, 15 ਮਈ
ਗੁਜਰਾਤ ਭਾਜਪਾ ਦਾ ਦੋ ਦਿਨਾਂ ਦਾ ‘ਚਿੰਤਨ ਸ਼ਿਵਿਰ’ ਅੱਜ ਅਹਿਮਦਾਬਾਦ ਵਿਚ ਸ਼ੁਰੂ ਹੋ ਗਿਆ। ਇੱਥੇ ਪਾਰਟੀ ਆਗੂਆਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਉਤੇ ਵਿਚਾਰ-ਚਰਚਾ ਕੀਤੀ। ਸੂਬੇ ਵਿਚ ਚੋਣਾਂ ਦਸੰਬਰ ’ਚ ਹੋਣਗੀਆਂ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਤੇ ਸੂਬਾਈ ਪੱਧਰ ਦੇ ਸੀਨੀਅਰ ਆਗੂ, ਗੁਜਰਾਤ ਇੰਚਾਰਜ, ਕੇਂਦਰੀ ਮੰਤਰੀ ਭੁਪੇਂਦਰ ਯਾਦਵ, ਮੁੱਖ ਮੰਤਰੀ ਭੁਪੇਂਦਰ ਪਟੇਲ ਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਾਰਟੀ ਸੂਬੇ ਵਿਚ ਪਿਛਲੇ 27 ਸਾਲਾਂ ਤੋਂ ਕਾਬਜ਼ ਹੈ ਤੇ ਇਸ ਨੂੰ ਰਵਾਇਤੀ ਵਿਰੋਧੀ ਕਾਂਗਰਸ ਦੇ ਨਾਲ-ਨਾਲ ਹੁਣ ਨਵੇਂ ਵਿਰੋਧੀ ‘ਆਪ’ ਦਾ ਸਾਹਮਣਾ ਵੀ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਪਾਰਟੀ ਦੀ ਚੋਣ ਮੁਹਿੰਮ ਗੁਜਰਾਤ ਵਿਚ ਲਾਂਚ ਕੀਤੀ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇੱੱਥੇ ਹਾਲ ਹੀ ਵਿਚ ਰੋਡ ਸ਼ੋਅ ਕੀਤਾ ਸੀ। -ਪੀਟੀਆਈ