ਮੁੱਖ ਅੰਸ਼
- ਸੂਬੇ ਦੇ ਸਿਹਤ ਵਿਭਾਗ ਨੇ ਕੀਤੀ ਪੁਸ਼ਟੀ
- ਜ਼ਿੰਬਾਬਵੇ ਤੋਂ ਗੁਜਰਾਤ ਪਹੁੰਚਿਆ ਸੀ ਵਿਅਕਤੀ
ਅਹਿਮਦਾਬਾਦ, 4 ਦਸੰਬਰ
ਜ਼ਿੰਬਾਬਵੇ ਤੋਂ ਪਰਤਿਆ ਗੁਜਰਾਤ ਦੇ ਜਾਮਨਗਰ ਸ਼ਹਿਰ ਦਾ 72 ਸਾਲਾ ਇਕ ਵਿਅਕਤੀ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਤੋਂ ਪੀੜਤ ਮਿਲਿਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਦੇਸ਼ ਵਿਚ ਓਮੀਕਰੋਨ ਦਾ ਤੀਜਾ ਕੇਸ ਹੈ ਕਿਉਂਕਿ ਕਰਨਾਟਕ ਵਿਚ ਦੋ ਵਿਅਕਤੀ ਪਹਿਲਾਂ ਕਰੋਨਾ ਦੇ ਇਸ ਸਰੂਪ ਤੋਂ ਪੀੜਤ ਪਾਏ ਗਏ ਸਨ।
ਗੁਜਰਾਤ ਦੇ ਸਿਹਤ ਕਮਿਸ਼ਨਰ ਜੈਪ੍ਰਕਾਸ਼ ਸ਼ਿਵਹਰੇ ਨੇ ਪੁਸ਼ਟੀ ਕੀਤੀ ਕਿ ਸਬੰਧਤ ਵਿਅਕਤੀ ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਪੀੜਤ ਪਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ 28 ਨਵੰਬਰ ਨੂੰ ਜ਼ਿੰਬਾਬਵੇ ਤੋਂ ਗੁਜਰਾਤ ਪਹੁੰਚਿਆ ਸੀ ਅਤੇ 2 ਦਸੰਬਰ ਨੂੰ ਉਸ ਦੀ ਟੈਸਟ ਰਿਪੋਰਟ ਕਰੋਨਾਵਾਇਰਸ ਪਾਜ਼ੇਟਿਵ ਆਈ ਸੀ। ਉਪਰੰਤ ਉਸ ਦੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ ਸਨ। ਜਾਮਨਗਰ ਦੇ ਨਗਰ ਨਿਗਮ ਕਮਿਸ਼ਨਰ ਵਿਜੈਕੁਮਾਰ ਖਰੜੀ ਨੇ ਕਿਹਾ ਕਿ ਮਰੀਜ਼ ਦੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਅਹਿਮਦਾਬਾਦ ਭੇਜੇ ਗਏ ਸਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਓਮੀਕਰੋਨ ਸਰੂਪ ਤੋਂ ਪੀੜਤ ਹੈ। ਜਾਮਨਗਰ ਨਾਲ ਸਬੰਧਤ ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਜ਼ਿੰਬਾਬਵੇ ਵਿਚ ਰਹਿ ਰਿਹਾ ਸੀ। ਉਹ ਆਪਣੇ ਸਹੁਰੇ ਨੂੰ ਮਿਲਣ ਲਈ ਇੱਥੇ ਆਇਆ ਸੀ। ਇੱਥੇ ਬੁਖਾਰ ਹੋਣ ਤੋਂ ਬਾਅਦ ਉਸ ਦੇ ਡਾਕਟਰ ਨੇ ਉਸ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦਾ ਮਸ਼ਵਰਾ ਦਿੱਤਾ। ਇਕ ਨਿੱਜੀ ਲੈਬਾਰਟਰੀ ਨੇ ਵੀਰਵਾਰ ਨੂੰ ਨਗਰ ਨਿਗਮ ਨੂੰ ਸੂਚਿਤ ਕੀਤਾ ਕਿ ਮਰੀਜ਼ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਮਗਰੋਂ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਦੇ ਇਕਾਂਤਵਾਸ ਵਾਰਡ ਵਿਚ ਤਬਦੀਲ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਨੇਮਾਂ ਅਨੁਸਾਰ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ ਨੇ ਓਮੀਕਰੋਨ ਨੂੰ ਚਿੰਤਾ ਵਾਲੇ ਸਰੂਪ ਦੀ ਸ਼੍ਰੇਣੀ ਰੱਖਿਆ ਹੈ। -ਪੀਟੀਆਈ
ਐੱਸਜੀਟੀਐੱਫ ਰਣਨੀਤੀ ਨਾਲ ਓਮੀਕਰੋਨ ਸਰੂਪ ਦਾ ਜਲਦੀ ਪਤਾ ਲਾਉਣ ਵਿਚ ਮਦਦ ਮਿਲੇਗੀ: ਖੋਜਕਰਤਾ
ਨਾਗਪੁਰ: ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨੂੰ ਲੈ ਕੇ ਵਧੀਆਂ ਚਿੰਤਾਵਾਂ ਵਿਚਾਲੇ ਖੋਜਕਰਤਾ ਆਰਟੀ-ਪੀਸੀਆਰ ਕਿੱਟ ਦਾ ਇਸਤੇਮਾਲ ਕਰ ਕੇ ਕਰੋਨਾ ਦੀ ਲਾਗ ਵਾਲੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ’ਤੇ ਜ਼ੋਰ ਦੇ ਰਹੇ ਹਨ। ਆਰਟੀ-ਪੀਸੀਆਰ ਕਿੱਟ ਕੋਵਿਡ ਸਰੂਪ ਦਾ ਪਤਾ ਲਾਉਣ ਲਈ ‘ਐੱਸ’ ਜੀਨ ਟਾਰਗੈੱਟ ਫੇਲੀਅਰ (ਐੱਸਜੀਟੀਐੱਫ) ਰਣਨੀਤੀ ਦਾ ਇਸਤੇਮਾਲ ਕਰਦੇ ਹਨ। ਭਾਰਤ ਵਿਚ ‘ਕੋਵਿਡ -19 ਡਾਇਗਨੌਸਟਿਕਸ’ ਦੇ ਪ੍ਰਮੁੱਖ ਖੋਜਕਰਤਾਵਾਂ ਵਿੱਚੋਂ ਇਕ ਵਿਗਿਆਨੀ ਕ੍ਰਿਸ਼ਨ ਖੈਰਨਾਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਰੀਖਣ ਵਾਇਰਸ ਦੇ ‘ਇਕ ਨਾਲੋਂ ਵੱਧ ਜੀਨ’ ਨੂੰ ਟਾਰਗੈੱਟ ਕਰਦੇ ਹਨ ਤਾਂ ਜੋ ਵੱਖ-ਵੱਖ ਤਰ੍ਹਾਂ ਦੇ ਸਰੂਪਾਂ ਨੂੰ ਕਵਰ ਕੀਤਾ ਜਾ ਸਕੇ। ਨਾਗਪੁਰ ਸਥਿਤ ਸੀਐੱਸਆਈਆਰ-ਨੀਰੀ ਦੇ ਖੈਰਨਾਰ ਨੇ ਕਿਹਾ, ‘‘ਐੱਸਜੀਟੀਐੱਫ ਰਣਨੀਤੀ’ ਉਨ੍ਹਾਂ ਪਾਜ਼ੇਟਿਵ ਨਮੂਨਿਆਂ ਨੂੰ ਲੈਣ ’ਤੇ ਕੇਂਦਰਿਤ ਹੈ ਜਿਨ੍ਹਾਂ ਵਿਚ ਆਰਟੀ-ਪੀਸੀਆਰ ਪਰੀਖਣ ਦੇ ਨਤੀਜੇ ‘ਐੱਸ’ ਜੀਨ ਨੈਗੇਟਿਵ ਨਤੀਜਾ ਦਿਖਾਉਂਦੇ ਹਨ ਪਰ ਓਆਰਐੱਫ ਅਤੇ ਐੱਨ ਜੀਨ ਪਾਜ਼ੇਟਿਵ ਨਤੀਜਾ। ਉਨ੍ਹਾਂ ਕਿਹਾ ਕਿ ਇਹ ਰਣਨੀਤੀ ਆਰਟੀ-ਪੀਸੀਆਰ ਗੇੜ ਵਿਚ ਇਕ ਤਰ੍ਹਾਂ ਨਾਲ ਸ਼ੁਰੂਆਤੀ ਜਾਂਚ ਦੇ ਰੂਪ ਵਿਚ ਕੰਮ ਕਰੇਗੀ ਅਤੇ ਕੋਵਿਡ-19 ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਸੰਕ੍ਰਮਿਤ ਨਮੂਨਿਆਂ ਦੀ ਜਾਂਚ ਵਿਚ ਮਦਦ ਕਰੇਗੀ। -ਪੀਟੀਆਈ
ਓਮੀਕਰੋਨ: ਟੀਕਿਆਂ ਦਾ ਮੁਲਾਂਕਣ ਅਤੇ ਬੂਸਟਰ ਖੁਰਾਕ ’ਤੇ ਵੱਧ ਖੋਜ ਦੀ ਸਿਫਾਰਸ਼
ਨਵੀਂ ਦਿੱਲੀ: ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਨੂੰ ਲੈ ਕੇ ਵਧਦੇ ਫਿਕਰ ਦੌਰਾਨ ਸੰਸਦੀ ਕਮੇਟੀ ਨੇ ਕਰੋਨਾ ਰੋਕੂ ਟੀਕਿਆਂ ਦੇ ਅਸਰ ਦਾ ਮੁਲਾਂਕਣ ਕੀਤੇ ਜਾਣ ਤੇ ਕਰੋਨਾ ਦੇ ਨਵੇਂ ਸਰੂਪ ਨੂੰ ਕੰਟਰੋਲ ਕਰਨ ਲਈ ਬੂਸਟਰ ਖੁਰਾਕ ਦੀ ਲੋੜ ਦੀ ਜਾਂਚ ਲਈ ਵਧੇਰੇ ਖੋਜ ਕਰਨ ਦੀ ਸਿਫਾਰਸ਼ ਕੀਤੀ ਹੈ। ਸਿਹਤ ਬਾਰੇ ਸੰਸਦ ਦੀ ਸਥਾਈ ਕਮੇਟੀ ਨੇ ਬੀਤੇ ਦਿਨ ਪੇਸ਼ ਕੀਤੀ ਆਪਣੀ ਰਿਪੋਰਟ ’ਚ ਇਹ ਵੀ ਕਿਹਾ ਕਿ ‘ਇਮਿਊਨੋਸਕੇਪ’ ਸਿਸਟਮ ਵਿਕਸਤ ਕਰ ਰਹੇ ਕਰੋਨਾ ਦੇ ਨਵੇਂ ਸਰੂਪ ਨਾਲ ਗੰਭੀਰਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਹੋਏ ਜਾਨ-ਮਾਲ ਦੇ ਨੁਕਸਾਨ ਦੇ ਮੱਦੇਨਜ਼ਰ ਕਮੇਟੀ ਨੇ ਕਿਹਾ ਕਿ ਸਿਹਤ ਮੰਤਰਾਲੇ ਵੱਲੋਂ ਸਾਰਕ-ਕੋਵ-2 ਨੂੰ ਠੱਲ੍ਹਣ ਜਾਂ ਰੋਕਣ ਲਈ ਕੀਤੇ ਗਏ ਸਾਰੇ ਉਪਾਅ ਪੂਰੀ ਤਰ੍ਹਾਂ ਨਾਕਾਫੀ ਸਾਬਤ ਹੋਏ ਹਨ। ਕਮੇਟੀ ਨੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋੜ ਅਨੁਸਾਰ ਬੈੱਡਾਂ ਦੀ ਗਿਣਤੀ ਦੀ ਉਪਲੱਭਧਤਾ ਯਕੀਨੀ ਬਣਾਉਣ ਤੇ ਆਕਸੀਜ਼ਨ ਸਿਲੰਡਰ ਤੇ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੂੰ ਇਸ ਸਮੇਂ ਦੀ ਵਰਤੋਂ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਚ ਕਰਨੀ ਚਾਹੀਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਰੋਨਾ ਦੀ ਪਹਿਲੀ ਲਹਿਰ ਦਾ ਜ਼ਿਆਦਾ ਅਸਰ ਸ਼ਹਿਰੀ ਇਲਾਕੇ ’ਚ ਜਦਕਿ ਦੂਜੀ ਲਹਿਰ ਦਾ ਜ਼ਿਆਦਾ ਅਸਰ ਪੇਂਡੂ ਇਲਾਕੇ ’ਚ ਰਿਹਾ। ਕਮੇਟੀ ਨੇ ਕਿਹਾ ਕਿ ਦਿਹਾਤੀ ਇਲਾਕਿਆਂ ’ਚ ਟੈਸਟ ਸਹੂਲਤਾਂ ’ਚ ਸੁਧਾਰ ਦੀ ਵੱਧ ਲੋੜ ਹੈ। ਇਸ ਨੇ ਰਾਜਾਂ ’ਚ ਵੀਆਰਡੀਐੱਲ ਨਾਲ ਪੀਐੱਚਸੀ/ਸੀਐੱਚਸੀ ਵਿਚਾਲੇ ਤਾਲਮੇਲ ਬਣਾਉਣ ਦੀ ਸਿਫਾਰਸ਼ ਕੀਤੀ ਹੈ।
ਪੈਨਲ ਨੇ ਆਪਣੀ ਰਿਪੋਰਟ ’ਚ ਕਿਹਾ, ‘ਕਮੇਟੀ ਦਾ ਮੰਨਣਾ ਹੈ ਕਿ ਮਹਾਮਾਰੀ ਦਾ ਪ੍ਰਭਾਵ ਘਟਾਉਣ ਲਈ ਸੰਭਾਵੀ ਪੀੜਤ ਲੋਕਾਂ ਦਾ ਸਮੇਂ ਸਿਰ ਪਤਾ ਲਾਉਣਾ ਤੇ ਉਨ੍ਹਾਂ ਨੂੰ ਇਕਾਂਤਵਾਸ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਟੈਸਟਿੰਗ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।’ ਇਸ ਤੋਂ ਇਲਾਵਾ ਕਮੇਟੀ ਨੇ ਸਰਕਾਰ ਨੂੰ ਵੱਧ ਟੀਕਿਆਂ ਨੂੰ ਮਨਜ਼ੂਰੀ ਦੇਣ, ਵੈਕਸੀਨ ਉਤਪਾਦਨ ਤੇਜ਼ੀ ਨਾਲ ਵਧਾਉਣ, ਵੰਡ ਸਮਰੱਥਾ ਵਧਾਉਣ ਤੇ ਟੀਕਾਕਰਨ ਦਰ ’ਚ ਵਾਧੇ ਨਾਲ ਇਸ ਪ੍ਰੋਗਰਾਮ ਨੂੰ ਜੰਗੀ ਪੱਧਰ ’ਤੇ ਅੱਗੇ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਨੇ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਲਈ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੰਡੇ ਗਏ 64,179.55 ਕਰੋੜ ਰੁਪਏ ਦੀ ਵਰਤੋਂ ਸਬੰਧੀ ਕਾਰਜ ਯੋਜਨਾ ਤੋਂ ਵੀ ਜਾਣੂ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ
ਕਰੋਨਾ ਪੀੜਤਾਂ ਨੂੰ ਮੁਆਵਜ਼ੇ ਲਈ ਕਾਂਗਰਸ ਵੱਲੋਂ ਸੋਸ਼ਲ ਮੀਡੀਆ ’ਤੇ ਮੁਹਿੰਮ ਸ਼ੁਰੂ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰੋਨਾ ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਲਈ ਚਾਰ ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਅੱਜ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵੱਲੋਂ ‘ਸਪੀਕਅੱਪ ਫਾਰ ਕੋਵਿਡ ਨਿਆਏ’ ਹੈਸ਼ਟੈਗ ਨਾਲ ਚਲਾਈ ਮੁਹਿੰਮ ਤਹਿਤ ਟਵੀਟ ਕਰ ਕੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘ਜਦੋਂ ਲੋਕਾਂ ਦੇ ਦੁੱਖ ਦੇ ਨੁਕਸਾਨ ਦੀ ਗੱਲ ਆਉਂਦੀ ਹੈ ਤਾਂ ਭਾਰਤ ਸਰਕਾਰ ਸੌਂ ਰਹੀ ਹੁੰਦੀ ਹੈ। ਚਲੋ ਉਸ ਨੂੰ ਜਗਾਉਂਦੇ ਹਾਂ।’ ਕਾਂਗਰਸ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕੇਂਦਰ ਸਰਕਾਰ ਤੋਂ ਦੇਸ਼ ’ਚ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦਾ ਅਸਲ ਅੰਕੜਾ ਜਾਰੀ ਕਰਨ ਦੀ ਮੰਗ ਕਰਨਾ ਹੈ ਤੇ ਕਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪੀੜਤ ਪਰਿਵਾਰਾਂ ਲਈ ਚਾਰ ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕਰਵਾਉਣਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਲੁਕਾ ਕੇ ਆਪਣੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ