ਸੂਰਤ (ਗੁਜਰਾਤ), 6 ਜਨਵਰੀ
ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਅੱਜ ਇੱਕ ਫੈਕਟਰੀ ਨੇੜੇ ਖੜ੍ਹੇ ਕੈਮੀਕਲ ਨਾਲ ਭਰੇ ਟੈਂਕਰ ਵਿੱਚੋਂ ਕਥਿਤ ਤੌਰ ’ਤੇ ਜ਼ਹਿਰੀਲੇ ਧੂੰਆਂ ਚੜ੍ਹਨ ਕਾਰਨ 7 ਫੈਕਟਰੀ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 22 ਹੋਰ ਹਸਪਤਾਲ ਵਿੱਚ ਦਾਖਲ ਹਨ। ਸੂਰਤ ਨਗਰ ਨਿਗਮ (ਐੱਸਐੱਮਸੀ) ਦੇ ਇੰਚਾਰਜ ਚੀਫ਼ ਫਾਇਰ ਅਫ਼ਸਰ ਬਸੰਤ ਪਾਰੀਕ ਨੇ ਦੱਸਿਆ ਕਿ ਹਾਦਸੇ ਸਮੇਂ ਮਜ਼ਦੂਰ ਸਚਿਨ ਇੰਡਸਟਰੀਅਲ ਏਰੀਆ ਵਿੱਚ ਸਥਿਤ ਡਾਇੰਗ ਫੈਕਟਰੀ ਵਿੱਚ ਸੁੱਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸਵੇਰੇ 4.25 ਵਜੇ ਘਟਨਾ ਦੀ ਸੂਚਨਾ ਮਿਲੀ। ਜ਼ਹਿਰੀਲਾ ਧੂੰਆਂ ਚੜ੍ਹਨ ਕਾਰਨ 25-26 ਮਜ਼ਦੂਰ ਬੇਹੋਸ਼ ਹੋ ਗਏ ਤੇ ਟੈਂਕਰ ਫੈਕਟਰੀ ਕੋਲ ਖੜ੍ਹਾ ਮਿਲਿਆ ਜਿਸ ਵਿੱਚੋਂ ਰਸਾਇਣ ਨਿਕਲ ਰਿਹਾ ਸੀ। ਮਜ਼ਦੂਰਾਂ ਨੂੰ ਨਿਊ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਧਿਕਾਰੀ ਓਂਕਾਰ ਚੌਧਰੀ ਨੇ ਦੱਸਿਆ, ‘‘7 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 22 ਹੋਰਾਂ ਦਾ ਇਲਾਜ ਚੱਲ ਰਿਹਾ ਹੈ।’’ ਪਾਰੀਕ ਨੇ ਦੱਸਿਆ ਗੈਸ ਰਿਸਣ ਤੋਂ ਰੋਕਣ ਲਈ ਟੈਂਕਰ ਦਾ ਵਾਲਵ ਬੰਦ ਕਰ ਦਿੱਤਾ ਗਿਆ ਹੈ। ਐੱਸਐੱਮਸੀ ਨੇ ਦੱਸਿਆ ਕਿ ਟੈਂਕਰ ਵਿੱਚੋਂ ਗੈਸ ਨੂੰ ਨਾਜਾਇਜ਼ ਤਰੀਕੇ ਨਾਲ ਕੱਢਿਆ ਜਾ ਰਿਹਾ ਸੀ। ਇਸੇ ਦੌਰਾਨ ਟੈਂਕਰ ਵਿੱਚੋਂ ਜ਼ਹਿਰੀਲੀ ਗੈਸ ਨਿਕਲ ਕੇ ਫੈਲਣ ਕਾਰਨ 26 ਮਜ਼ਦੂਰ ਬੇਹੋਸ਼ ਹੋ ਗਏ। ਲੋਕਾਂ ਵੱਲੋਂ ਮਜ਼ਦੂਰਾਂ ਨੂੰ ਉਥੋਂ ਕੱਢਿਆ ਗਿਆ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਪੀੜਤਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ। -ਪੀਟੀਆਈ
ਸੂਰਤ ’ਚ ਗੈਸ ਲੀਕ ਹਾਦਸੇ ਦੀ ਜਾਂਚ ਹੋਵੇ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਦੇ ਸੂਰਤ ’ਚ ਕਥਿਤ ਤੌਰ ’ਤੇ ਜ਼ਹਿਰੀਲੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਕਈ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਵਾਵਾ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਟਵੀਟ ਕੀਤਾ, ‘ਸੂਰਤ ’ਚ ਹੋਏ ਗੈਸ ਲੀਕ ਹਾਦਸੇ ’ਚ ਜਿਨ੍ਹਾਂ ਦੇ ਪਰਿਵਾਰ ਦੇ ਜੀਆਂ ਦੀ ਜਾਨ ਗਈ, ਉਨ੍ਹਾਂ ਨਾਲ ਹਮਦਰਦੀ। ਹੋਰਨਾਂ ਪੀੜਤਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਭਵਿੱਖ ’ਚ ਅਜਿਹੇ ਹਾਦਸੇ ਰੋਕਣ ਲਈ ਸਹੀ ਜਾਂਚ ਹੋਣੀ ਚਾਹੀਦੀ।’ -ਪੀਟੀਆਈ