ਅਹਿਮਦਾਬਾਦ, 28 ਅਕਤੂਬਰ
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਅਗਾਮੀ ਗੁਜਰਾਤ ਅਸੈਂਬਲੀ ਚੋਣਾਂ ਲਈ 13 ਉਮੀਦਵਾਰਾਂ ਦੀ ਆਪਣੀ ਸੱਤਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਹੁਣ ਤੱਕ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਉਮੀਦਵਾਰਾਂ ਦੀ ਸੱਜਰੀ ਸੂਚੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਵੱਲੋਂ ਜਾਰੀ ਕੀਤੀ ਗਈ। ਗੁਜਰਾਤ ਅਸੈਂਬਲੀ ਦੀਆਂ 182 ਸੀਟਾਂ ਲਈ ਚੋਣ ਇਸ ਸਾਲ ਦੇ ਅਖੀਰ ਵਿੱਚ ਹੋਣਗੀਆਂ। ਹਾਲਾਂਕਿ ਚੋਣ ਕਮਿਸ਼ਨ ਨੇ ਚੋਣ ਪ੍ਰੋਗਰਾਮ ਦਾ ਅਜੇ ਤੱਕ ਰਸਮੀ ਐਲਾਨ ਨਹੀਂ ਕੀਤਾ।
‘ਆਪ’ ਨੇ ਜਿਨ੍ਹਾਂ 13 ਸੀਟਾਂ ਲਈ ਉਮੀਦਵਾਰ ਐਲਾਨੇ ਹਨ, ਮੌਜੂਦਾ ਸਮੇਂ ਉਨ੍ਹਾਂ ਵਿਚੋਂ 10 ਸੀਟਾਂ ਸੱਤਾਧਾਰੀ ਭਾਜਪਾ ਜਦੋਂਕਿ ਤਿੰਨ ਸੀਟਾਂ ਵਿਰੋਧੀ ਧਿਰ ਕਾਂਗਰਸ ਕੋਲ ਹਨ। ਦੋ ਸੀਟਾਂ- ਕੜੀ ਤੇ ਕਲਾਵਾੜ ਅਨੁਸੂਚਿਤ ਜਾਤੀ (ਐੱਸਸੀ) ਉਮੀਦਵਾਰਾਂ ਅਤੇ ਤਿੰਨ ਸੀਟਾਂ ਸੰਖੇੜਾ, ਮਾਂਡਵੀ ਤੇ ਮਹੂਵਾ ਅਨੁਸੂਚਿਤ ਕਬੀਲਿਆਂ (ਐੱਸਟੀ) ਲਈ ਰਾਖਵੀਆਂ ਹਨ।
ਇਟਾਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਮੀਦਵਾਰਾਂ ਵਿੱਚ ਸੇਵਾਮੁਕਤ ਸਰਕਾਰੀ ਅਧਿਕਾਰੀ, ਡਾਕਟਰ, ਵਕੀਲ ਤੇ ਸਨਅਤਕਾਰ ਸ਼ਾਮਲ ਹਨ। ਜਿਨ੍ਹਾਂ ਸੀਟਾਂ ਲਈ ਅੱਜ ਉਮੀਦਵਾਰ ਐਲਾਨੇ ਗਏ ਹਨ, ਉਨ੍ਹਾਂ ਵਿੱਚ ਕੜੀ (ਐੱਸਸੀ), ਗਾਂਧੀਨਗਰ (ਉੱਤਰੀ), ਵਧਾਵਨ, ਮੋਰਬੀ, ਜਸਦਾਨ, ਜੇਤਪੁਰ, ਕਲਾਵਾੜ (ਐੱਸਸੀ), ਜਾਮਨਗਰ (ਗ੍ਰਾਮੀਣ), ਮਹਿਮਦਾਬਾਦ, ਲੂਨਾਵਾੜਾ, ਸੰਖੇੜਾ (ਐੱਸਟੀ), ਮਾਂਡਵੀ (ਐੱਸਟੀ) ਤੇ ਮਹੂਵਾ (ਐੱਸਟੀ) ਸ਼ਾਮਲ ਹਨ।
ਇਨ੍ਹਾਂ ਸੀਟਾਂ ਲਈ ਐਲਾਨੇ ਉਮੀਦਵਾਰਾਂ ਵਿੱਚ ਕ੍ਰਮਵਾਰ ਐੱਚ.ਕੇ.ਡਾਬੀ, ਮੁਕੇਸ਼ ਪਟੇਲ, ਹਿਤੇਸ਼ ਬਜਰੰਗ, ਪੰਕਜ ਰਣਸਾਰੀਆ, ਤੇਜਸ ਗਾਜੀਪਾੜਾ, ਰੋਹਿਤ ਬਹੂਵਾ, ਡਾ.ਜਿਗਨੇਸ਼ ਸੋਲੰਕੀ, ਪ੍ਰਕਾਸ਼ ਡੋਂਗਾ, ਪ੍ਰਮੋਦਭਾਈ ਚੌਹਾਨ, ਨਟਵਰਸਿੰਹ ਸੋਲੰਕੀ, ਰੰਜਨ ਤੜਵੀ, ਸਾਨਿਆਬੇਨ ਗਾਮਿਤ ਤੇ ਕੁੰਜਨ ਪਟੇਲ ਢੋਡੀਆ ਸ਼ਾਮਲ ਹਨ। ਉਧਰ ਭਾਜਪਾ ਜਾਂ ਕਾਂਗਰਸ ਵਿਚੋਂ ਕਿਸੇ ਨੇ ਵੀ ਅਜੇ ਤੱਕ ਅਗਾਮੀ ਚੋਣਾਂ ਲਈ ਉਮੀਦਵਾਰ ਨਹੀਂ ਐਲਾਨੇ ਹਨ। -ਪੀਟੀਆਈ
ਸਾਬਕਾ ਮੁੱਖ ਮੰਤਰੀ ਸ਼ੰਕਰਸਿੰਹ ਵਘੇਲਾ ਦਾ ਪੁੱਤਰ ਕਾਂਗਰਸ ’ਚ ਸ਼ਾਮਲ
ਅਹਿਮਦਾਬਾਦ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰਸਿੰਹ ਵਘੇਲਾ ਦਾ ਪੁੱਤਰ ਮਹੇਂਦਰਸਿੰਹ ਵਘੇਲਾ ਅਗਾਮੀ ਸੂਬਾਈ ਅਸੈਂਬਲੀ ਚੋਣਾਂ ਤੋਂ ਪਹਿਲਾਂ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੁਰ ਨੇ ਪਾਰਟੀ ਹੈੱਡਕੁਆਰਟਰ ’ਤੇ 58 ਸਾਲਾ ਸਾਬਕਾ ਵਿਧਾਇਕ ਦਾ ਸਵਾਗਤ ਗੀਤਾ। ਗੁਜਰਾਤ ਅਸੈਂਬਲੀ ਚੋਣਾਂ ਦਸੰਬਰ ਵਿੱਚ ਹੋਣ ਦੇ ਅਸਾਰ ਹਨ। ਮਹੇਂਦਰਸਿੰਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਜੇਕਰ ਪਾਰਟੀ ਦੀ ਇੱਛਾ ਹੋਈ ਤਾਂ ਉਹ ਚੋਣ ਲੜਨਗੇ। ਮਹੇਂਦਰਸਿੰਹ 2012 ਤੋਂ 2017 ਦਰਮਿਆਨ ਉੱਤਰੀ ਗੁਜਰਾਤ ਦੇ ਬਯਾਡ ਤੋਂ ਕਾਂਗਰਸੀ ਵਿਧਾਇਕ ਸਨ ਤੇ ਉਹ ਅਗਸਤ 2017 ਵਿੱਚ ਅਸੈਂਬਲੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। -ਪੀਟੀਆਈ