ਨਵੀਂ ਦਿੱਲੀ: ਗੁਜਰਾਤ ਦੀ ਇਕ ਅਪੀਲੀ ਅਥਾਰਿਟੀ ਵੱਲੋਂ ਪਾਸ ਹੁਕਮ ਵਿਚ ਕਿਹਾ ਗਿਆ ਹੈ ਕਿ ਲਿਫ਼ਾਫ਼ਾਬੰਦ ਜੰਮਿਆ ਹੋਇਆ ‘ਪਰੌਂਠਾ’, ਰੋਟੀ ਜਾਂ ਚਪਾਤੀ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਇਸ ਨੂੰ ਖਾਣ ਤੋਂ ਪਹਿਲਾਂ ਹੋਰ ਪਕਾਉਣ ਦੀ ਲੋੜ ਪੈਂਦੀ ਹੈ ਤੇ ਭਾਵੇਂ ਕਣਕ ਦਾ ਆਟਾ ਇਨ੍ਹਾਂ ਵਿਚ ਸਾਂਝਾ ਹੈ, ਫਿਰ ਵੀ ਪਰੌਂਠਾ ਬਣਾਉਣ ਲਈ ਕੁਝ ਹੋਰ ਚੀਜ਼ਾਂ ਦੀ ਲੋੜ ਵੀ ਪੈਂਦੀ ਹੈ। ਐਡਵਾਂਸ ਰੂਲਿੰਗ ਬਾਰੇ ਗੁਜਰਾਤ ਦੀ ਅਪੀਲੀ ਅਥਾਰਿਟੀ ਨੇ ਇਹ ਹੁਕਮ ਵਾਡੀਲਾਲ ਇੰਡਸਟਰੀਜ਼ ਦੀ ਅਰਜ਼ੀ ਉਤੇ ਸੁਣਾਇਆ ਹੈ। ਅਹਿਮਦਾਬਾਦ ਦੀ ਕੰਪਨੀ ਨੇ ਗੁਜਰਾਤ ਦੀ ਇਕ ਹੋਰ ਅਥਾਰਿਟੀ ਦੇ ਜੂਨ 2021 ਵਿਚ ਆਏ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਅਪੀਲੀ ਅਥਾਰਿਟੀ ਨੇ ਕਿਹਾ ਕਿ ਪੈਕਡ ਪਰੌਂਠੇ ਪੰਜ ਪ੍ਰਤੀਸ਼ਤ ਜੀਐੱਸਟੀ ਦਰ ਦੇ ਦਾਇਰੇ ਵਿਚ ਨਹੀਂ ਹਨ। ਹੁਕਮ ਵਿਚ ਕਿਹਾ ਗਿਆ ਸੀ ਕਿ ਵਾਡੀਲਾਲ ਵੱਲੋਂ ਜਿਹੜੇ ਪਰੌਂਠੇ ਵੇਚੇ ਜਾ ਰਹੇ ਹਨ, ਉਨ੍ਹਾਂ ਨੂੰ ਖਾਣ ਤੋਂ ਪਹਿਲਾਂ ਪਕਾਉਣ ਦੀ ਲੋੜ ਪੈਂਦੀ ਹੈ ਜਦਕਿ ਰੋਟੀ ਸਿੱਧੇ ਹੀ ਖਾਧੀ ਜਾ ਸਕਦੀ ਹੈ। ਵਾਡੀਲਾਲ ਇੰਡਸਟਰੀਜ਼ ਨੇ ਲਿਫ਼ਾਫ਼ਾਬੰਦ ਪਰੌਂਠਿਆਂ ’ਤੇ ਪੰਜ ਪ੍ਰਤੀਸ਼ਤ ਜੀਐੱਸਟੀ ਲਾਉਣ ਦੀ ਮੰਗ ਰੱਖੀ ਸੀ। ਆਪਣੇ ਹੁਕਮ ਵਿਚ ਗੁਜਰਾਤ ਦੀ ਅਥਾਰਿਟੀ ਨੇ ਕਿਹਾ ਹੈ ਕਿ ਪਰੌਂਠੇ ਤੇ ਰੋਟੀ ਵਿਚ ਫ਼ਰਕ ਹੈ, ਇਸ ਲਈ ਅਜਿਹੇ ਖਾਧ ਪਦਾਰਥ ਉਤੇ 18 ਪ੍ਰਤੀਸ਼ਤ ਜੀਐੱਸਟੀ ਹੀ ਲੱਗੇਗਾ। ਕਰਨਾਟਕ ਵਿਚ ਵੀ ਪਹਿਲਾਂ ਇਸੇ ਤਰ੍ਹਾਂ ਦਾ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ। -ਪੀਟੀਆਈ