ਬਲੀਆ(ਉੱਤਰ ਪ੍ਰਦੇਸ਼), 20 ਦਸੰਬਰ
ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਕੁਦਰਤੀ ਰੰਗਾਂ ਦੀ ਵਰਤੋਂ ਕਰਦਿਆਂ ਵਿਸ਼ਵ ਦੀ ਸਭ ਤੋਂ ਵੱਡੀ ਪੇਂਟਿੰਗ ਤਿਆਰ ਕਰਕੇ ਆਪਣਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ਵਿਚ ਦਰਜ ਕਰਾਇਆ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਥੇ ਦਿੱਤੀ। ਬਲੀਆ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀਹਰੀ ਪ੍ਰਤਾਪ ਸ਼ਾਹੀ ਨੇ ਦੱਸਿਆ, “ਨੇਹਾ ਸਿੰਘ ਨੇ ਕੁਦਰਤੀ ਰੰਗਾਂ ਦੀ ਵਰਤੋਂ ਕਰਦਿਆਂ 62.72 ਵਰਗ ਮੀਟਰ ਲੰਮੀ ਵਿਸ਼ਵ ਦੀ ਸਭ ਤੋਂ ਵੱਡੀ ਪੇਂਟਿੰਗ ਬਣਾਈ ਹੈ। ਨੇਹਾ ਨੇ ਇੱਕ ‘ਮੋਕਸ਼ ਕਾ ਵ੍ਰਿਕਸ਼ ’(ਮੁਕਤੀ ਦਾ ਰੁੱਖ) ਪੇਂਟ ਕੀਤਾ ਹੈ, ਜਿਸ ਲਈ ਉਸ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।’’ ਰਸਰਾ ਤਹਿਸੀਲ ਦੀ ਵਸਨੀਕ ਨੇਹਾ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਵੈਦਿਕ ਸਾਇੰਸ ਦੀ ਵਿਦਿਆਰਥਣ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਐਤਵਾਰ ਨੂੰ ਨੇਹਾ ਨੂੰ ਉਸ ਦੇ ਜੱਦੀ ਪਿੰਡ ਡੇਹਰੀ ਵਿੱਚ ਇਕ ਸਮਾਗਮ ਦੌਰਾਨ ਸਨਮਾਨਤ ਕੀਤਾ। -ਏਜੰਸੀ