ਨਵੀਂ ਦਿੱਲੀ, 1 ਦਸੰਬਰ
ਪਿਛਲੇ ਮਹੀਨੇ ਨਵੰਬਰ ’ਚ ਜੀਐੱਸਟੀ ਕੁਲੈਕਸ਼ਨ 1.31 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਇਆ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਜੁਲਾਈ 2017 ’ਚ ਜੀਐੱਸਟੀ ਦੇ ਲਾਗੂ ਹੋਣ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਕੁਲੈਕਸ਼ਨ ਹੈ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਨਵੰਬਰ ’ਚ ਇਕੱਤਰ ਕੁੱਲ ਮਾਲੀਆ 1,31,526 ਕਰੋੜ ਰੁਪਏ ਹੈ ਜਿਸ ’ਚ ਸੀਜੀਐੱਸਟੀ 23,978 ਕਰੋੜ, ਐੱਸਜੀਐੱਸਟੀ 31,127 ਕਰੋੜ, ਆਈਜੀਐੱਸਟੀ 66,815 ਕਰੋੜ ਅਤੇ ਸੈੱਸ 9,606 ਕਰੋੜ ਰੁਪਏ ਹੈ। ਸਾਲ 2021 ਦੇ ਨਵੰਬਰ ਮਹੀਨੇ ਲਈ ਜੀਐੱਸਟੀ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ ’ਚ 25 ਫ਼ੀਸਦ ਵਧੇਰੇ ਹੈ ਅਤੇ ਨਵੰਬਰ 2019 ਦੇ ਮੁਕਾਬਲੇ ’ਚ 27 ਫ਼ੀਸਦ ਵੱਧ ਹੈ। ਮੰਤਰਾਲੇ ਨੇ ਕਿਹਾ,‘‘ਨਵੰਬਰ 2021 ਲਈ ਜੀਐੱਸਟੀ ਮਾਲੀਆ ਜੀਐੱਸਟੀ ਦੀ ਸ਼ੁਰੂਆਤ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਕੁਲੈਕਸ਼ਨ ਹੈ। ਇਹ ਪਿਛਲੇ ਮਹੀਨੇ ਦੇ ਮਾਲੀਏ ਨਾਲੋਂ ਜ਼ਿਆਦਾ ਹੈ। ਇਹ ਆਰਥਿਕ ਸੁਧਾਰ ’ਚ ਆਈ ਤੇਜ਼ੀ ਮੁਤਾਬਕ ਹੈ।’’ ਅਕਤੂਬਰ 2021 ’ਚ ਜੀਐੱਸਟੀ ਮਾਲੀਆ 1,30,127 ਕਰੋੜ ਰੁਪਏ ਇਕੱਤਰ ਹੋਇਆ ਸੀ ਜਦਕਿ ਅਪਰੈਲ ’ਚ ਇਹ ਸਭ ਤੋਂ ਜ਼ਿਆਦਾ 1.41 ਲੱਖ ਕਰੋੜ ਰੁਪਏ ਸੀ। ਸਰਕਾਰ ਵੱਲੋਂ ਵੱਖ ਵੱਖ ਨੀਤੀਆਂ ਅਤੇ ਉਠਾਏ ਗਏ ਪ੍ਰਸ਼ਾਸਨਿਕ ਕਦਮਾਂ ਦਾ ਨਤੀਜਾ ਹੈ ਕਿ ਜੀਐੱਸਟੀ ਵਧੇਰੇ ਇਕੱਤਰ ਹੋ ਰਿਹਾ ਹੈ। ਪਿਛਲੇ ਇਕ ਸਾਲ ’ਚ ਸੁਧਾਰਾਂ ਲਈ ਕਈ ਕਦਮ ਉਠਾਏ ਗਏ ਹਨ। -ਪੀਟੀਆਈ