ਨਵੀਂ ਦਿੱਲੀ, 1 ਜੁਲਾਈ
ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਜੂਨ ’ਚ 90,917 ਕਰੋੜ ਰੁਪਏ ਜੀਐੱਸਟੀ ਵਜੋਂ ਵਸੂਲੇ। ਕਰੋਨਾਵਾਇਰਸ ਕਾਰਨ ਮਈ ’ਚ ਜੀਐੱਸਟੀ 62,009 ਕਰੋੜ ਅਤੇ ਅਪਰੈਲ ’ਚ 32,294 ਕਰੋੜ ਰੁਪਏ ਇਕੱਤਰ ਹੋਇਆ ਸੀ। ਪਿਛਲੇ ਵਰ੍ਹੇ ਦੇ ਮੁਕਾਬਲੇ ਜੂਨ ’ਚ ਜੀਐੱਸਟੀ ਕੁਲੈਕਸ਼ਨ 9 ਫ਼ੀਸਦ ਘੱਟ ਸੀ ਜਦਕਿ ਮਈ ਦੌਰਾਨ 62 ਫ਼ੀਸਦ ਅਤੇ ਅਪਰੈਲ ਦੌਰਾਨ 28 ਫ਼ੀਸਦ ਦੀ ਗਿਰਾਵਟ ਦਰਜ ਹੋਈ ਸੀ। ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਦੌਰਾਨ ਜੀਐੱਸਟੀ ਕੁਲੈਕਸ਼ਨ ’ਚ 59 ਫ਼ੀਸਦੀ ਦੀ ਗਿਰਾਵਟ ਆਈ। ਕਰੋਨਾ ਮਹਾਮਾਰੀ ਕਰਕੇ ਲਾਗੂ ਹੋਏ ਲੌਕਡਾਊਨ ਕਾਰਨ ਇੰਜ ਹੋਇਆ ਜਿਸ ਨਾਲ ਆਰਥਿਕ ਸਰਗਰਮੀਆਂ ਪ੍ਰਭਾਵਿਤ ਹੋਈਆਂ ਹਨ। ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਰਿਟਰਨ ਦਾਖ਼ਲ ਕਰਨ ਦੀ ਹੱਦ ’ਚ ਰਾਹਤ ਦਿੱਤੀ ਸੀ। ਜੂਨ ਦੌਰਾਨ ਅਪਰੈਲ, ਮਾਰਚ ਅਤੇ ਫਰਵਰੀ ਦੇ ਰਿਟਰਨ ਵੀ ਦਾਖ਼ਲ ਕੀਤੇ ਗਏ। ਵਿੱਤ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਮੌਜੂਦਾ ਵਿੱਤੀ ਵਰ੍ਹੇ ’ਚ ਮਾਲੀਆ ਪ੍ਰਭਾਵਿਤ ਹੋਇਆ ਹੈ।