ਨਵੀਂ ਦਿੱਲੀ, 6 ਜੁਲਾਈ
ਜੂਨ ਮਹੀਨੇ ਵਿਚ ਜੀਐੱਸਟੀ ਰਾਹੀਂ 92,849 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ ਹੈ। ਪਿਛਲੇ ਸਾਲ ਦੇ ਜੂਨ ਮਹੀਨੇ ਨਾਲੋਂ ਇਹ 2 ਪ੍ਰਤੀਸ਼ਤ ਵੱਧ ਹੈ। ਵਿੱਤ ਮੰਤਰਾਲੇ ਮੁਤਾਬਕ ਜੀਐੱਸਟੀ ਰਾਹੀਂ ਜੂਨ 2021 ਵਿਚ ਕੁੱਲ 92,849 ਕਰੋੜ ਰੁਪਏ ਇਕੱਤਰ ਹੋਏ ਹਨ ਜਿਸ ਵਿਚ ਕੇਂਦਰੀ ਜੀਐੱਸਟੀ 16,424 ਕਰੋੜ ਹੈ। ਸੂਬੇ ਦਾ ਜੀਐੱਸਟੀ 20,397 ਕਰੋੜ ਰੁਪਏ ਹੈ, ਏਕੀਕ੍ਰਿਤ ਜੀਐੱਸਟੀ 49,079 ਕਰੋੜ ਹੈ (ਇਸ ਵਿਚ ਵਸਤਾਂ ਦੀ ਦਰਾਮਦ ਨਾਲ ਇਕੱਠੇ ਕੀਤੇ 25,762 ਕਰੋੜ ਰੁਪਏ ਵੀ ਸ਼ਾਮਲ ਹਨ) ਤੇ ਸੈੱਸ 6,949 ਕਰੋੜ ਰੁਪਏ ਹੈ (ਇਸ ਵਿਚ ਵਸਤਾਂ ਦੀ ਦਰਾਮਦ ਤੋਂ ਇਕੱਤਰ 809 ਕਰੋੜ ਰੁਪਏ ਵੀ ਸ਼ਾਮਲ ਹਨ)। ਜੂਨ-2020 ਵਿਚ 90,917 ਕਰੋੜ ਰੁਪਏ ਜੀਐੱਸਟੀ ਇਕੱਠਾ ਕੀਤਾ ਗਿਆ ਸੀ। ਲਗਾਤਾਰ ਅੱਠ ਮਹੀਨੇ ਜੀਐੱਸਟੀ ਮਾਲੀਆ ਇਕ ਲੱਖ ਕਰੋੜ ਰੁਪਏ ਤੋਂ ਉਪਰ ਇਕੱਠਾ ਹੁੰਦਾ ਰਿਹਾ ਹੈ ਤੇ ਮਈ ਵਿਚ ਇਹ 1.02 ਲੱਖ ਕਰੋੜ ਰੁਪਏ ਸੀ। ਜਦਕਿ ਜੂਨ ਵਿਚ ਇਹ ਘੱਟ ਗਿਆ ਹੈ। -ਪੀਟੀਆਈ