ਨਵੀਂ ਦਿੱਲੀ, 9 ਮਈ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਕੋਵਿਡ-19 ਦੀਆਂ ਦਵਾਈਆਂ, ਟੀਕਾ ਤੇ ਆਕਸੀਜਨ ਕੰਸਨਟਰੇਟਰ ਦੀ ਘਰੇਲੂ ਮੰਗ ਦੀ ਪੂਰਤੀ ਤੇ ਵਪਾਰਕ ਦਰਾਮਦ ਉਤੇ ਜੀਐੱਸਟੀ ਹਟਾਉਣ ਨਾਲ ਅਜਿਹੀਆਂ ਦਵਾਈਆਂ ਤੇ ਸਾਮਾਨ ਖ਼ਰੀਦਦਾਰਾਂ ਲਈ ਮਹਿੰਗੇ ਹੋ ਜਾਣਗੇ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਜੀਐੱਸਟੀ ਹਟਣ ਨਾਲ ਇਨ੍ਹਾਂ ਦੇ ਨਿਰਮਾਤਾ ਉਤਪਾਦਨ ਵਿਚ ਵਰਤੇ ਗਏ ਕੱਚੇ ਮਾਲ ਤੇ ਸਮੱਗਰੀ ਉਤੇ ਦਿੱਤੇ ਗਏ ਟੈਕਸ ਲਈ ਇਨਪੁਟ ਟੈਕਸ ਕਰੈਡਿਟ ਦਾ ਦਾਅਵਾ ਨਹੀਂ ਕਰ ਸਕਣਗੇ। ਵਰਤਮਾਨ ਵਿਚ ਟੀਕੇ ਦੀ ਘਰੇਲੂ ਪੂਰਤੀ ਤੇ ਵਪਾਰਕ ਦਰਾਮਦ ਕਰਨ ਉਤੇ ਪੰਜ ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਲੱਗਦਾ ਹੈ, ਕੋਵਿਡ ਦਵਾਈਆਂ ਤੇ ਆਕਸੀਜਨ ਕੰਸਨਟਰੇਟਰ ਉਤੇ 12 ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਲਾਗੂ ਹੈ। ਸੀਤਾਰਾਮਨ ਨੇ ਕਿਹਾ ਕਿ ਜੇ ਟੀਕੇ ਉਤੇ ਪੂਰੇ ਪੰਜ ਪ੍ਰਤੀਸ਼ਤ ਦੀ ਛੋਟ ਦਿੱਤੀ ਗਈ ਤਾਂ ਨਿਰਮਾਤਾ ਨੂੰ ਕੱਚੇ ਮਾਲ ’ਤੇ ਦਿੱਤੇ ਗਏ ਟੈਕਸ ਦੀ ਕਟੌਤੀ ਦਾ ਲਾਭ ਨਹੀਂ ਮਿਲੇਗਾ ਤੇ ਉਹ ਪੂਰੀ ਲਾਗਤ ਨੂੰ ਗਾਹਕਾਂ, ਨਾਗਰਿਕਾਂ ਤੋਂ ਵਸੂਲੇਗਾ। -ਪੀਟੀਆਈ