ਨਵੀਂ ਦਿੱਲੀ, 20 ਜੁਲਾਈ
ਵਿਰੋਧੀ ਧਿਰਾਂ ਨੇ ਅੱਜ ਸੰਸਦ ਕੰਪਲੈਕਸ ’ਚ ਵੱਧ ਰਹੀ ਮਹਿੰਗਾਈ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਨਿੱਤ ਵਰਤੋਂ ਦੀਆਂ ਕਈ ਚੀਜ਼ਾਂ ’ਤੇ ਜੀਐੱਸਟੀ ਵਧਾਉਣ ਦਾ ਵੀ ਵਿਰੋਧ ਕੀਤਾ ਗਿਆ। ਕਾਂਗਰਸ, ਐੱਨਸੀਪੀ, ਡੀਐਮਕੇ ਤੇ ਖੱਬੇ ਪੱਖੀ ਧਿਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਦਹੀਂ, ਬਰੈੱਡ ਤੇ ਪਨੀਰ ਜਿਹੇ ਪਦਾਰਥਾਂ ’ਤੇ ਵਧਾਇਆ ਜੀਐੱਸਟੀ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ‘ਗੱਬਰ ਸਿੰਘ ਟੈਕਸ’ ਨੇ ਮੁੜ ਲੋਕਾਂ ’ਤੇ ਮਾਰ ਕੀਤੀ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ ਤੇ ਹੋਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਹੋਏ ਰੋਸ ਪ੍ਰਦਰਸ਼ਨ ਮੌਕੇ ਹਾਜ਼ਰ ਸਨ। ਕਾਂਗਰਸ ਤੇ ਹੋਰ ਧਿਰਾਂ ਇਨ੍ਹਾਂ ਮੁੱਦਿਆਂ ਉਤੇ ਸੰਸਦ ਵਿਚ ਵਿਚਾਰ-ਚਰਚਾ ਦੀ ਮੰਗ ਕਰ ਰਹੀਆਂ ਹਨ। ਸੋਮਵਾਰ ਤੋਂ ਸ਼ੁਰੂ ਹੋਏ ਮੌਨਸੂਨ ਸੈਸ਼ਨ ਵਿਚ ਲਗਾਤਾਰ ਇਨ੍ਹਾਂ ਮੁੱਦਿਆਂ ’ਤੇ ਅੜਿੱਕਾ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਰੂਰੀ ਪਦਾਰਥਾਂ ਜਿਨ੍ਹਾਂ ਵਿਚ ਦਹੀਂ ਤੇ ਪਨੀਰ ਸ਼ਾਮਲ ਹਨ, ’ਤੇ ਜੀਐੱਸਟੀ 18 ਜੁਲਾਈ ਨੂੰ ਸਿਫ਼ਰ ਤੋਂ ਪੰਜ ਪ੍ਰਤੀਸ਼ਤ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਰਾਜ ਸਭਾ ਸਕੱਤਰੇਤ ਨੇ ਹਾਲ ਹੀ ਵਿਚ ਇਕ ਸਰਕੁਲਰ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸੰਸਦ ਦੇ ਅੰਦਰ ਕੋਈ ਵੀ ਰੋਸ ਮੁਜ਼ਾਹਰਾ ਨਹੀਂ ਕਰਨ ਦਿੱਤਾ ਜਾਵੇਗਾ। ਵਿਰੋਧੀ ਧਿਰਾਂ ਇਸ ਖ਼ਿਲਾਫ਼ ਵੀ ਰੋਸ ਜ਼ਾਹਿਰ ਕਰ ਰਹੀਆਂ ਹਨ। -ਪੀਟੀਆਈ
‘ਜੁਮਲਿਆਂ ਦੇ ਤੜਕੇ’ ਨਾਲ ਲੋਕਾਂ ਦੀ ਭੁੱਖ ਮਿਟਾਉਣਾ ਚਾਹੁੰਦੀ ਹੈ ਸਰਕਾਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲਿਫ਼ਾਫ਼ਾ ਬੰਦ ਖਾਧ ਪਦਾਰਥਾਂ ’ਤੇ ਜੀਐੱਸਟੀ ਲਾਉਣ ਦੇ ਮਾਮਲੇ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੱਲਾ ਬੋਲਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਜੋ ਆਪਣੇ ‘ਮਿੱਤਰਾਂ’ ਦੇ ਬੋਲ ਉਨ੍ਹਾਂ ਦੇ ਬਿਨਾਂ ਕੁਝ ਬੋਲਿਆਂ ਵੀ ਸੁਣ ਲੈਂਦੇ ਹਨ, ਨੂੰ ਲੋਕਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਤੇ ਚੁੱਕੇ ਗਏ ਕਦਮ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਗੱਬਰ’ ਦਾ ਤਰੀਕਾ ਇਹ ਹੈ ਕਿ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਲੋਕ ਘੱਟ ਬਣਾਉਣ, ਘੱਟ ਖਾਣ ਤੇ ‘ਭੁੱਖ ਨੂੰ ਜੁਮਲਿਆਂ ਦੇ ਤੜਕੇ ਨਾਲ ਸੰਤੁਸ਼ਟ ਕਰਨ’। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਜੀਐੱਸਟੀ ਨੂੰ ‘ਗੱਬਰ ਸਿੰਘ ਟੈਕਸ’ ਕਰਾਰ ਦਿੱਤਾ ਸੀ।