ਨਵੀਂ ਦਿੱਲੀ, 16 ਜੂਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਜੀਐੱਸਟੀ ਕੌਂਸਲ ਦੀ ਮੀਟਿੰਗ 28 ਅਤੇ 29 ਜੂਨ ਨੂੰ ਸ੍ਰੀਨਗਰ ਵਿੱਚ ਹੋਵੇਗੀ। ਵਿੱਤ ਮੰਤਰੀ ਦੇ ਦਫ਼ਤਰ ਨੇ ਇੱਕ ਟਵੀਟ ਵਿੱਚ ਕਿਹਾ, ‘‘ਜੀਐੱਸਟੀ ਕੌਂਸਲ ਦੀ 47ਵੀਂ ਮੀਟਿੰਗ 28 ਅਤੇ 29 ਜੂਨ (ਮੰਗਲਵਾਰ ਅਤੇ ਵੀਰਵਾਰ) ਨੂੰ ਸ੍ਰੀਨਗਰ ਵਿੱਚ ਹੋਵੇਗੀ।’’ ਇਹ ਦੂਜੀ ਵਾਰ ਹੈ ਜਦੋਂ ਜੀਐੱਸਟੀ ਕੌਂਸਲ ਦੀ ਮੀਟਿੰਗ ਸ੍ਰੀਨਗਰ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਪਹਿਲੀ ਜੁਲਾਈ, 2017 ਨੂੰ ਸ਼ੁਰੂ ਹੋਏ ਵਸਤੂ ਅਤੇ ਸੇਵਾ ਟੈਕਸ (ਜੀਐੱਸਟੀ) ਦੀ 14ਵੀਂ ਕੌਂਸਲ ਮੀਟਿੰਗ 18 ਅਤੇ 19 ਮਈ ਨੂੰ ਸ਼ਹਿਰ ਵਿੱਚ ਹੋਈ ਸੀ, ਜਿਸ ਦੌਰਾਨ 1211 ਵਸਤੂਆਂ ’ਤੇ ਜੀਐੱਸਟੀ ਦਰਾਂ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਵਾਰ ਦੀ ਜੀਐੱਸਟੀ ਕੌਂਸਲ ਦੀ ਮੀਟਿੰਗ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਰਾਜ ਮੰਤਰੀਆਂ ਦੇ ਪੈਨਲ ਦੀ ਰਿਪੋਰਟ ਅਤੇ ਕੈਸੀਨੋ’ਜ਼, ਰੇਸ ਕੋਰਸਾਂ ਤੇ ਆਨਲਾਈਨ ਗੇਮਿੰਗ ਉੱਤੇ ਟੈਕਸ ਦਰ ’ਤੇ ਚਰਚਾ ਦੀ ਉਮੀਦ ਹੈ। -ਪੀਟੀਆਈ