ਨਵੀਂ ਦਿੱਲੀ, 27 ਨਵੰਬਰ
ਫੈਡਰੇਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਨੇ ਨੀਟ-ਪੀਜੀ 2021 ਕੌਂਸਲਿੰਗ ਕਰਵਾਉਣ ਵਿੱਚ ਕਥਿਤ ਦੇਰੀ ਦੇ ਵਿਰੋਧ ਵਿੱਚ ਅੱਜ ਤੋਂ ਹਸਪਤਾਲਾਂ ਵਿੱਚ ਬਾਹਰੀ ਰੋਗੀ ਵਿਭਾਗ(ਓਪੀਡੀ) ਦੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਦੇਸ਼ ਵਿਆਪੀ ਸੱਦਾ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਲਿਖੇ ਪੱਤਰ ਵਿੱਚ ਫੋਰਡਾ ਨੇ ਕਿਹਾ ਕਿ ਦੇਸ਼ ਦੇ ਰੈਜ਼ੀਡੈਂਟ ਡਾਕਟਰ, ਜੋ ਪਹਿਲਾਂ ਹੀ ਬਹੁਤ ਜ਼ਿਆਦਾ ਕੰਮ ਦੇ ਬੋਝ ਦਾ ਸਾਹਮਣਾ ਕਰ ਰਹੇ ਹਨ, ਕੋਵਿਡ -19 ਮਹਾਮਾਰੀ ਫੈਲਣ ਤੋਂ ਬਾਅਦ ਤੋਂ ਹੀ ਫਰੰਟ ਲਾਈਨਾਂ ‘ਤੇ ਲੜ ਰਹੇ ਹਨ ਅਤੇ ਨੀਟ-ਪੀਜੀ ਕੌਂਸਲਿੰਗ ਬਾਰੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਕੁਝ ਸਕਾਰਾਤਮਕ ਨਤੀਜੇ ਆਉਣ ਦੀ ਉਮੀਦ ਵਿੱਚ 25 ਨਵੰਬਰ ਤੱਕ ਸਬਰ ਨਾਲ ਇੰਤਜ਼ਾਰ ਕੀਤਾ। ਇਸ ਵਿਚ ਕਿਹਾ ਗਿਆ ਹੈ ਹਾਲਾਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਦੁੱਖਾਂ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਅਦਾਲਤ ਦੀ ਅਗਲੀ ਸੁਣਵਾਈ 6 ਜਨਵਰੀ 2022 ਨੂੰ ਹੋਵੇਗੀ। ਦੇਸ਼ ਭਰ ਦੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨਾਂ (ਆਰਡੀਏ) ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਕੌਂਸਲਿੰਗ ਵਿੱਚ ਵਾਰ-ਵਾਰ ਦੇਰੀ ਅਤੇ ਮੁਲਤਵੀ ਕੀਤੇ ਜਾਣ ਦੇ ਵਿਰੋਧ ਵਿੱਚ 27 ਨਵੰਬਰ ਤੋਂ ਬਾਹਰੀ ਰੋਗੀ ਵਿਭਾਗ (ਓਪੀਡੀ) ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।