ਜੈਪੁਰ, 27 ਦਸੰਬਰ
ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਕਰਵਾਏ ਗਏ ਸਮੂਹਿਕ ਵਿਆਹ ਸਮਾਗਮ ਦੌਰਾਨ 11 ਅਪਾਹਜ ਜੋੜੇ ਵਿਆਹ ਦੇ ਬੰਧਨ ’ਚ ਬੱਝੇ। ਪ੍ਰਬੰਧਕਾਂ ਅਨੁਸਾਰ ਇਸ ਦੌਰਾਨ ਕੋਡਿਵ-19 ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਅਪਾਹਜ ਵਿਅਕਤੀਆਂ ਲਈ ਕੰਮ ਕਰਨ ਵਾਲੀ ਨਾਰਾਇਣ ਸੇਵਾ ਸੰਸਥਾ (ਐੱਨਐੱਸਐੱਸ) ਵੱਲੋਂ ਵਿੱਢੀ ਮੁਹਿੰਮ ਤਹਿਤ ਜੋੜਿਆਂ ਨੇ ਦਾਜ ਨਾ ਲੈਣ ਦਾ ਪ੍ਰਣ ਲਿਆ। ਉਨ੍ਹਾਂ ਕੋਵਿਡ-19 ਤਹਿਤ ਮਾਸਕ ਪਹਿਨਣ ਤੇ ਹੋਰ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਸਹੁੰ ਚੁੱਕੀ ਤੇ ਲੋਕਾਂ ਨੂੰ ਵੀ ਅਜਿਹਾ ਹੀ ਕਰਨ ਦੀ ਅਪੀਲ ਕੀਤੀ। ਮਹਾਮਾਰੀ ਕਾਰਨ ਇਸ ਸਮਾਗਮ ਵਿੱਚ ਰਿਸ਼ਤੇਦਾਰ ਤੇ ਸੰਸਥਾ ਦੇ ਮੈਂਬਰ ਹੀ ਹਾਜ਼ਰ ਸਨ। ਐੱਨਐੱਸਐੱਸ ਦੇ ਪ੍ਰਧਾਨ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਹੁਣ ਤਕ ਉਹ 2098 ਜੋੜਿਆਂ ਦੇ ਵਿਆਹ ਕਰਵਾ ਚੁੱਕੇ ਹਨ। -ਪੀਟੀਆਈ