ਭੁਪਾਲ, 16 ਦਸੰਬਰ
ਤਾਮਿਲਨਾਡੂ ਦੇ ਹੈਲੀਕੌਪਟਰ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਜਿਨ੍ਹਾਂ ਦਾ ਬੁੱਧਵਾਰ ਦੇਹਾਂਤ ਹੋ ਗਿਆ ਸੀ, ਦੀ ਦੇਹ ਨੂੰ ਆਖ਼ਰੀ ਰਸਮਾਂ ਲਈ ਅੱਜ ਭੁਪਾਲ ਲਿਆਂਦਾ ਗਿਆ ਹੈ। ਉਨ੍ਹਾਂ ਦੀ ਬੰਗਲੁਰੂ ਦੇ ਮਿਲਟਰੀ ਹਸਪਤਾਲ ਵਿਚ ਬੁੱਧਵਾਰ ਨੂੰ ਮੌਤ ਹੋ ਗਈ ਸੀ। ਹਵਾਈ ਅੱਡੇ ’ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਫ਼ੌਜੀ-ਪ੍ਰਸ਼ਾਸਕੀ ਅਧਿਕਾਰੀਆਂ ਨੇ ਗਰੁੱਪ ਕੈਪਟਨ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ਗਰੁੱਪ ਕੈਪਟਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਬਾਅਦ ਫ਼ੌਜੀ ਅਫ਼ਸਰ ਦੀ ਦੇਹ ਨੂੰ ਉਨ੍ਹਾਂ ਦੇ ਘਰ ਲਿਆਂਦਾ ਗਿਆ। ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ। ਚੌਹਾਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਸਰਕਾਰ ‘ਸੰਮਾਨ ਨਿਧੀ’ ਵਜੋਂ ਮ੍ਰਿਤਕ ਫੌਜੀ ਅਧਿਕਾਰੀ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਸ਼ੀ ਦੇਵੇਗੀ। ਉਨ੍ਹਾਂ ਦਾ ਬੁੱਤ ਵੀ ਲਾਇਆ ਜਾਵੇਗਾ। -ਪੀਟੀਆਈ