ਭੁਪਾਲ, 17 ਦਸੰਬਰ
ਸ਼ੌਰਿਆ ਚੱਕਰ ਜੇਤੂ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੱਜ ਇਥੇ ਪੂਰੇ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਪਿਛਲੇ ਹਫ਼ਤੇ ਤਾਮਿਲ ਨਾਡੂ ’ਚ ਹੈਲੀਕਾਪਟਰ ਹਾਦਸੇ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ ਜਿਸ ’ਚ ਸੀਡੀਐੱਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਫ਼ੌਜੀ ਅਧਿਕਾਰੀ ਹਲਾਕ ਹੋ ਗਏ ਸਨ। ਉਨ੍ਹਾਂ ਦਾ ਬੁੱਧਵਾਰ ਨੂੰ ਬੰਗਲੂਰੂ ਦੇ ਕਮਾਂਡ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ।
ਗਰੁੱਪ ਕੈਪਟਨ ਵਰੁਣ ਸਿੰਘ ਦੀ ਤਿਰੰਗੇ ’ਚ ਲਿਪਟੀ ਦੇਹ ਨੂੰ ਮਿਲਟਰੀ ਹਸਪਤਾਲ ਤੋਂ ਫ਼ੌਜ ਦੇ ਟਰੱਕ ’ਚ ਬੈਰਾਗੜ੍ਹ ਇਲਾਕੇ ਦੇ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਦੌਰਾਨ ਰਾਹ ’ਚ ਲੋਕ ‘ਭਾਰਤ ਮਾਤਾ ਦੀ ਜੈ’ ਅਤੇ ‘ਗਰੁੱਪ ਕੈਪਟਨ ਵਰੁਣ ਸਿੰਘ ਅਮਰ ਰਹੇ’ ਦੇ ਨਾਅਰੇ ਲਾਉਂਦੇ ਰਹੇ। ਉਨ੍ਹਾਂ ਦੀ ਚਿਖਾ ਨੂੰ ਅਗਨੀ ਭਰਾ ਤਨੁਜ ਸਿੰਘ (ਜਲ ਸੈਨਾ ’ਚ ਲੈਫ਼ਟੀਨੈਂਟ ਕਮਾਂਡਰ) ਅਤੇ ਪੁੱਤਰ ਨੇ ਦਿੱਤੀ। ਗਰੁੱਪ ਕੈਪਟਨ ਵਰੁਣ ਸਿੰਘ ਦੀ ਪਤਨੀ, ਧੀ, ਪਿਤਾ ਕਰਨਲ (ਸੇਵਾਮੁਕਤ) ਕੇ ਪੀ ਸਿੰਘ, ਮਾਂ ਉਮਾ ਸਮੇਤ ਹੋਰ ਰਿਸ਼ਤੇਦਾਰਾਂ ਨੇ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਫ਼ੌਜੀ ਅਧਿਕਾਰੀਆਂ ਅਤੇ ਹੋਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਵੀ ਗਰੁੱਪ ਕੈਪਟਨ ਵਰੁਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਮੰਤਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਵੱਲੋਂ ਗਰੁੱਪ ਕੈਪਟਨ ਵਰੁਣ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ‘ਸੰਮਾਨ ਨਿਧੀ’ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਬੁੱਤ ਲਾਉਣ, ਇਕ ਸੰਸਥਾ ਦਾ ਨਾਮ ਗਰੁੱਪ ਕੈਪਟਨ ਵਰੁਣ ਸਿੰਘ ਦੇ ਨਾਂ ’ਤੇ ਰੱਖਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸੂਬਾ ਸਰਕਾਰ ’ਚ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ
ਹੈਲੀਕਾਪਟਰ ਹਾਦਸਾ: ਭਾਰਤੀ ਸਟੇਟ ਬੈਂਕ ਨੇ ਲਾਂਸ ਨਾਇਕ ਦੇ ਪਰਿਵਾਰ ਨੂੰ ਦਿੱਤਾ 48.40 ਲੱਖ ਦਾ ਚੈੱਕ
ਭੋਪਾਲ: ਭਾਰਤੀ ਸਟੇਟ ਬੈਂਕ ਨੇ ਪਿਛਲੇ ਹਫ਼ਤੇ ਤਾਮਿਲ ਨਾਡੂ ਵਿੱਚ ਹੈਲੀਕਾਪਟਰ ਹਾਦਸੇ ’ਚ ਮੌਤ ਦੇ ਮੂੰਹ ਪਏ ਲਾਂਸ ਨਾਇਕ ਜਿਤੇਂਦਰ ਕੁਮਾਰ ਦੀ ਵਿਧਵਾ ਨੂੰ 48.40 ਲੱਖ ਰੁਪਏ ਦਾ ਚੈੱਕ ਸੌਂਪਿਆ। ਐੱਸਬੀਆਈ (ਭੋਪਾਲ ਸਰਕਲ) ਦੇ ਸੀਜੀਐੱਮ ਬਿਨੋਦ ਕੁਮਾਰ ਮਿਸ਼ਰਾ ਖੁਦ ਜਿਤੇਂਦਰ ਕੁਮਾਰ ਦੇ ਘਰ ਗਏ ਤੇ ਪੀੜਤ ਪਰਿਵਾਰ ਨੂੰ ਚੈੱਕ ਸੌਂਪਿਆ। ਵਰਨਣਯੋਗ ਹੈ ਕਿ 8 ਦਸੰਬਰ ਨੂੰ ਵਾਪਰੇ ਹਾਦਸੇ ਵਿੱਚ ਦੇੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਨਾਂ ਦਾ ਦੇਹਾਂਤ ਹੋ ਗਿਆ ਸੀ। ਇਸ ਹਾਦਸੇ ਦੇ ਇਕਲੌਤੇ ਇਕੋ ਇਕ ਗੰਭੀਰ ਜ਼ਖ਼ਮੀ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੀ ਲੰਘੇ ਦਿਨੀਂ ਦੇਹਾਂਤ ਹੋ ਗਿਆ ਸੀ। -ਪੀਟੀਆਈ