ਸ੍ਰੀਨਗਰ: ਜੰਮੂ ਕਸ਼ਮੀਰ ਦੇ ਅਵਾਂਤੀਪੋਰਾ ਵਿਚ ਪੁਲੀਸ ਨੇ ਗ੍ਰਨੇਡ ਸੁੱਟਣ ਵਾਲੇ ਇਕ ਸਮੂਹ ਦਾ ਪਰਦਾਫਾਸ਼ ਕੀਤਾ ਹੈ ਤੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਚਾਰ ਜਣੇ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ। ਪੁਲੀਸ ਨੇ ਇਨ੍ਹਾਂ ਕੋਲੋਂ ਤਿੰਨ ਗ੍ਰਨੇਡ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਇਕ ਵਾਰਿਸ ਬਸ਼ੀਰ ਨਾਜਰ ਨੇ ਪਹਿਲੀ ਮਾਰਚ ਨੂੰ ਫ਼ੌਜੀ ਕੈਂਪ ਮੰਡੂਰਾ ਉਤੇ ਗ੍ਰਨੇਡ ਸੁੱਟਿਆ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਜੇਲ੍ਹ ਵਿਚ ਬੰਦ ਇਰਸ਼ਾਦ ਅਹਿਮਦ ਭੱਟ ਦੇ ਕਹਿਣ ਉਤੇ ਗ੍ਰਨੇਡ ਸੁੱਟ ਰਹੇ ਸਨ। ਉਹ ਹੱਤਿਆ ਕੇਸ ਵਿਚ ਜੇਲ੍ਹ ’ਚ ਹੈ। ਪੁਲੀਸ ਨੇ ਕਿਹਾ ਕਿ ਇਸ ਕੇਸ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। -ਆਈਏਐਨਐੱਸ
ਸ੍ਰੀਨਗਰ ਧਮਾਕੇ ’ਚ ਜ਼ਖ਼ਮੀ ਹੋਈ ਕੁੜੀ ਦੀ ਮੌਤ
ਸ੍ਰੀਨਗਰ: ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੀ ਹਰੀ ਸਿੰਘ ਹਾਈ ਸਟ੍ਰੀਟ ਵਿੱਚ ਬੀਤੇ ਦਿਨੀਂ ਹੋਏ ਗ੍ਰੇਨੇਡ ਧਮਾਕੇ ਵਿੱਚ ਜ਼ਖ਼ਮੀ ਹੋਈ 19 ਸਾਲਾ ਲੜਕੀ ਨੇ ਅੱਜ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਐਤਵਾਰ ਨੂੰ ਹੋਏ ਧਮਾਕੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ, ਜਦੋਂਕਿ ਇੱਕ ਪੁਲੀਸ ਮੁਲਾਜ਼ਮ ਸਣੇ 33 ਹੋਰ ਜ਼ਖ਼ਮੀ ਹੋ ਗਏ ਸਨ। -ਪੀਟੀਆਈ