ਤਿਨਸੁਕੀਆ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਇਕ ਬਾਜ਼ਾਰ ਵਿਚ ਕਥਿਤ ਤੌਰ ’ਤੇ ‘ਉਲਫਾ’ (ਆਈ) ਬਾਗੀਆਂ ਵੱਲੋਂ ਕੀਤੇ ਗਏ ਗ੍ਰਨੇਡ ਧਮਾਕੇ ਵਿਚ ਦੋ ਜਣੇ ਮਾਰੇ ਗਏ ਹਨ ਤੇ ਇਕ ਹੋਰ ਜ਼ਖ਼ਮੀ ਹੋ ਗਿਆ। ਡਿਗਬੋਈ ਪੁਲੀਸ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਗ੍ਰਨੇਡ ਇਕ ਹਾਰਡਵੇਅਰ ਦੀ ਦੁਕਾਨ ਅੱਗੇ ਸੁੱਟਿਆ ਗਿਆ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਮਾਮਲੇ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦੋ ਵਿਅਕਤੀ ਮੋਟਰਸਾਈਕਲ ਉਤੇ ਆਏ ਤੇ ਦੁਪਹਿਰੇ 1 ਵਜੇ ਹਾਰਡਵੇਅਰ ਸਟੋਰ ਕੋਲ ਗ੍ਰਨੇਡ ਸੁੱਟ ਦਿੱਤਾ। ਮ੍ਰਿਤਕਾਂ ਦੀ ਸ਼ਨਾਖ਼ਤ ਸੰਜੀਤ ਸਿੰਘ ਤੇ ਸੂਰਾਜੀਤ ਤਾਲੁਕਦਾਰ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ‘ਉਲਫਾ’ ਨੇ ਹਾਲਾਂਕਿ ਮੀਡੀਆ ਅਦਾਰਿਆਂ ਨੂੰ ਈਮੇਲ ਭੇਜ ਕੇ ਧਮਾਕੇ ਵਿਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਫ਼ੌਜ ਤੇ ਪੁਲੀਸ ਨੇ ਇਲਾਕੇ ਨੂੰ ਘੇਰ ਲਿਆ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਧਮਾਕੇ ਲਈ ਜ਼ਿੰਮੇਵਾਰਾਂ ਦੀ ਸ਼ਨਾਖਤ ਕਰ ਕੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਫ਼ੌਜ ਤੇ ਪੁਲੀਸ ਨੇ ਪਹਿਲਾਂ ਹੀ ਹਮਲੇ ਪਿਛਲੇ ਅਨਸਰਾਂ ਦੀ ਸ਼ਨਾਖ਼ਤ ਕਰਨ ਲਈ ਆਪਣੇ ਪੱਧਰ ਉਤੇ ਇਲਾਕੇ ਵਿਚ ਮੁਹਿੰਮ ਵਿੱਢ ਦਿੱਤੀ ਹੈ। -ਪੀਟੀਆਈ