ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਸਤੰਬਰ
ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2021-22 ਦੌਰਾਨ ਕਿਤਾਬਾਂ ਖਰੀਦਣ ਵਾਸਤੇ 16.33 ਕਰੋੜ ਤੋਂ ਵੱਧ ਦੀ ਗਰਾਂਟ ਜਾਰੀ ਕੀਤੀ ਹੈ। ਇਸ ਦਾ ਉਦੇਸ਼ ਸਕੂਲ ਲਾਇਬ੍ਰੇਰੀਆਂ ਦਾ ਪੱਧਰ ਉੱਚਾ ਚੁੱਕਣਾ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਵਧੀਆ ਕਿਤਾਬਾਂ ਮੁਹੱਈਆ ਕਰਵਾਉਣਾ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਮੁੱਚੇ 19,145 ਸਕੂਲਾਂ ਨੂੰ ਕਿਤਾਬਾਂ ਖਰੀਦਣ ਵਾਸਤੇ 16 ਕਰੋੜ 33 ਲੱਖ 80 ਹਜ਼ਾਰ ਰੁਪਏ ਦੀ ਕੁੱਲ ਰਾਸ਼ੀ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਊਂਟ ਲੈਣ, ਨੈਸ਼ਨਲ ਬੁੱਕ ਟਰੱਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫ਼ੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫ਼ੀਸਦੀ ਡਿਸਕਾਊਂਟ ਲੈਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।