ਨਵੀਂ ਦਿੱਲੀ, 10 ਫਰਵਰੀ
ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈਟੀਓ ’ਤੇ ਕਥਿਤ ਟਰੈਕਟਰ ਉਲਟਣ ਕਾਰਨ ਫੌਤ ਹੋਏ 25 ਵਰ੍ਹਿਆਂ ਦੇ ਨਵਰੀਤ ਸਿੰਘ ਦੇ ਪਰਿਵਾਰ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਦੀ ਨਿਗਰਾਨੀ ਹੇਠ ਘਟਨਾ ਦੀ ਜਾਂਚ ਐੱਸਆਈਟੀ ਤੋਂ ਕਰਵਾਉਣ ਦੀ ਅਪੀਲ ਕੀਤੀ ਹੈ। ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਹੋਣ ਦੀ ਉਮੀਦ ਹੈ।
ਸ੍ਰੀ ਹਰਦੀਪ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਆਪਣੇ ਪੋਤੇ ਦੀ ਮੌਤ ਦੀ ਸਹੀ ਤੇ ਨਿਰਪੱਖ ਜਾਂਚ ਅਤੇ ਨਿਆਂ ਲਈ ਸੱਚਾਈ ਜਾਣਨ ਦਾ ਉਨ੍ਹਾਂ ਨੂੰ ਅਧਿਕਾਰ ਹੈ। ਘਟਨਾ ਬਾਰੇ ਪੁਲੀਸ ਦਾ ਦਾਅਵਾ ਹੈ ਕਿ ਟਰੈਕਟਰ ਪਲਟਣ ਕਾਰਨ ਨਵਰੀਤ ਸਿੰਘ ਦਾ ਸਿਰ ਦੱਬਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ। ਹਾਲਾਂਕਿ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਮੀਡੀਆ ਨੂੰ ਚਸ਼ਮਦੀਦਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਰੀਤ ਆਪਣਾ ਟਰੈਕਟਰ ਚਲਾ ਰਿਹਾ ਸੀ ਅਤੇ ਉਹ ਨਵੀਂ ਦਿੱਲੀ ਸਥਿਤ ਆਂਧਰਾ ਐਜੂਕੇਸ਼ਨ ਸੁਸਾਇਟੀ ਕੋਲੋਂ ਲੰਘਿਆ ਤਾਂ ਪੁਲੀਸ ਨੇ ਉਸ ’ਤੇ ਗੋਲੀ ਚਲਾਈ ਅਤੇ ਸੰਤੁਲਨ ਵਿਗੜਨ ਕਾਰਨ ਕੁਝ ਬੈਰੀਕੇਡਾਂ ਨਾਲ ਟਕਰਾਉਣ ਮਗਰੋਂ ਉਸ ਦਾ ਟਰੈਕਟਰ ਪਲਟ ਗਿਆ।
ਪਟੀਸ਼ਨ ’ਚ ਨਵਰੀਤ ਦੇ ਦਾਦਾ ਨੇ ਅਪੀਲ ਕੀਤੀ ਹੈ ਕਿ ਅਦਾਲਤ ਵੱਲੋਂ ਨਿਯੁਕਤ ਤੇ ਉਸ (ਅਦਾਲਤ) ਦੀ ਨਿਗਰਾਨੀ ਵਾਲੀ ‘ਸਿਟ’ ਮਾਮਲੇ ਦੀ ਜਾਂਚ ਕਰੇ, ਜਿਸ ’ਚ ਬੇਦਾਗ ਕਰੀਅਰ ਵਾਲੇ ਇਮਾਨਦਾਰ ਅਧਿਕਾਰੀ ਸ਼ਾਮਲ ਹੋਣ। ਉਨ੍ਹਾਂ ਨੇ ਸਿਟ ਨੂੰ ਲਗਾਤਾਰ ਪ੍ਰਗਤੀ ਰਿਪੋਰਟ ਅਦਾਲਤ ਕੋਲ ਦਾਖ਼ਲ ਕਰਨ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਹੈ ਤਾਂ ਕਿ ਸਮਾਂਬੱਧ ਤਰੀਕੇ ਨਾਲ ਜਾਂਚ ਪੂਰੀ ਹੋ ਸਕੇ। ਪਟੀਸ਼ਨ ’ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ, ਇੰਦਰਪ੍ਰਸਥ ਅਸਟੇਟ ਥਾਣੇ ਦੇ ਇੰਚਾਰਜ, ਬਿਲਾਸਪੁਰ (ਉੱਤਰ ਪ੍ਰਦੇਸ਼) ਥਾਣੇ ਦੇ ਇੰਚਾਰਜ ਅਤੇ ਰਾਮਪੁਰ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਹੈ।