ਨਵੀਂ ਦਿੱਲੀ, 12 ਸਤੰਬਰ
ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਸੂਰਜੀ ਊਰਜਾ ਨਾਲ ਸੰਚਾਲਿਤ ਬਿਜਲਈ ਹਾਈਵੇਅ ਵਿਕਸਿਤ ਕਰਨ ’ਤੇ ਕੰਮ ਕਰ ਰਹੀ ਹੈ। ਇਸ ਨਾਲ ਭਾਰੀ ਇਲੈਕਟ੍ਰਿਕ ਵਾਹਨਾਂ ਜਿਵੇਂ ਟਰੱਕਾਂ ਅਤੇ ਬੱਸਾਂ ਨੂੰ ਚਾਰਜ ਕਰਨ ਵਿੱਚ ਸਹੂਲਤ ਮਿਲੇਗੀ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਟੌਲ ਪਲਾਜ਼ਿਆਂ ’ਤੇ ਵਾਹਨਾਂ ਦੀ ਭੀੜ ਘਟਾਉਣ ਅਤੇ ਵਾਹਨ ਚਾਲਕਾਂ ਨੂੰ ਟੌਲ ਦੇਣ ਦੇ ਤਰੀਕੇ ਵਿੱਚ ਰਾਹਤ ਦੇਣ ਲਈ ਇੱਕ ਆਟੋਮੈਟਿਕ ਨੰਬਰ ਪਲੇਟ ਪਛਾਣ ਤਕਨੀਕ ’ਤੇ ਵੀ ਕੰਮ ਚੱਲ ਰਿਹਾ ਹੈ।
ਉਹ ਇੰਡੋ-ਅਮੈਰੀਕਨ ਚੈਂਬਰ ਆਫ ਕਾਮਰਸ (ਆਈਏਸੀਸੀ) ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਦਾ ਟਰਾਂਸਪੋਰਟ ਸਿਸਟਮ ਬਿਜਲੀ ਆਧਾਰਤ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਸਰਕਾਰ ਬਿਜਲੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਸੂਰਜੀ ਅਤੇ ਪੌਣ ਊਰਜਾ ਆਧਾਰਿਤ ਚਾਰਜਿੰਗ ਵਿਧੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇ ਰਹੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਬਿਜਲੀ ਹਾਈਵੇਅ ਨੂੰ ਵਿਕਸਿਤ ਕਰਨ ’ਤੇ ਵੀ ਕੰਮ ਕਰ ਰਹੇ ਹਾਂ, ਜੋ ਸੂਰਜੀ ਊਰਜਾ ਨਾਲ ਚੱਲਣਗੇ ਅਤੇ ਇਸ ਨਾਲ ਸੜਕ ’ਤੇ ਚੱਲ ਰਹੇ ਭਾਰੀ ਵਾਹਨਾਂ ਜਿਵੇਂ ਟਰੱਕਾਂ ਅਤੇ ਬੱਸਾਂ ਨੂੰ ਚਾਰਜਿੰਗ ਕਰਨ ਦੀ ਸਹੂਲਤ ਮਿਲੇਗੀ।’’ ਉਨ੍ਹਾਂ ਕਿਹਾ ਕਿ ਸਰਕਾਰ ਟੌਲ ਪਲਾਜ਼ਿਆਂ ਨੂੰ ਵੀ ਸੂਰਜੀ ਊਰਜਾ ਨਾਲ ਚਲਾਉਣ ਲਈ ਉਤਸ਼ਾਹਿਤ ਕਰ ਰਹੀ ਹੈ। -ਪੀਟੀਆਈ