ਨਵੀਂ ਦਿੱਲੀ, 2 ਅਗਸਤ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਕਿ ਭਾਰਤ ’ਚ ਹੁਣ ਤੱਕ ਮੰਕੀਪੌਕਸ ਦੇ ਅੱਠ ਕੇਸ ਸਾਹਮਣੇ ਆਏ ਹਨ ਤੇ ਇਸ ਬਿਮਾਰੀ ਤੇ ਵੈਕਸੀਨ ਸਬੰੰਧੀ ਕੰਮ ਦੀ ਨਿਗਰਾਨੀ ਲਈ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮਾਂਡਵੀਆ ਨੇ ਕਿਹਾ ਕਿ ਇਸ ਬਿਮਾਰੀ ਦਾ ਪਾਸਾਰ ਰੋਕਣ ਅਤੇ ਜਾਂਚ ਕਿੱਟਾਂ ਤੇ ਟੀਕੇ ਵਿਕਸਤ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਭਾਰਤ ਵਿੱਚ ਮੰਕੀਪੌਕਸ ਦੇ ਅੱਠ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਪੰਜ ਮਰੀਜ਼ ਵਿਦੇਸ਼ ਯਾਤਰਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਅਤੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਦੇ ਸਿਹਤ ਅਫਸਰਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। -ਪੀਟੀਆਈ
ਮੰਕੀਪੌਕਸ ਦੇ ਦੋ ਹੋਰ ਮਰੀਜ਼ ਮਿਲੇ
ਨਵੀਂ ਦਿੱਲੀ/ਤਿਰੂਵਨੰਤਪੁਰਮ: ਦਿੱਲੀ ਤੇ ਕੇਰਲਾ ’ਚ ਮੰਕੀਪੌਕਸ ਦਾ ਇੱਕ-ਇੱਕ ਹੋਰ ਮਰੀਜ਼ ਮਿਲਿਆ ਹੈ। ਦਿੱਲੀ ’ਚ 35 ਸਾਲਾ ਅਫਰੀਕੀ ਮੂਲ ਦਾ ਵਿਦੇਸ਼ੀ ਨਾਗਰਿਕ ਮੰਕੀਪੌਕਸ ਤੋਂ ਪੀੜਤ ਪਾਇਆ ਗਿਆ ਹੈ ਜਿਸ ਨੂੰ ਦਿੱਲੀ ਸਰਕਾਰ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੰਕੀਪੌਕਸ ਤੋਂ ਪੀੜਤ ਪਹਿਲੇ ਮਰੀਜ਼ ਨੂੰ ਲੰਘੀ ਰਾਤ ਛੁੱਟੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਕੇਰਲਾ ’ਚ ਪਿਛਲੇ ਮਹੀਨੇ ਯੂਏਈ ਤੋਂ ਮੁੜਿਆ 30 ਸਾਲਾ ਵਿਅਕਤੀ ਮੰਕੀਪੌਕਸ ਤੋਂ ਪੀੜਤ ਪਾਇਆ ਗਿਆ ਹੈ। ਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ ਕਿ ਪੀੜਤ ਵਿਅਕਤੀ ਦਾ ਮਲੱਪੁਰਮ ਜ਼ਿਲ੍ਹੇ ਦੇ ਇੱਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।