ਨਵੀਂ ਦਿੱਲੀ, 22 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਮੈਡੀਕਲ ਢਾਂਚੇ ਵਿੱਚ ਸੁਧਾਰ ਨਾਲ ਹੁਣ ਤੋਂ ਹੀ ਕਰੋਨਾਵਾਇਰਸ ਦੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀਆਂ ਵਿੱਢੇ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀਆਂ ਨੂੰ ਕੋਵਿਡ-19 ਦੀ ਲਾਗ ਤੋਂ ਬਚਾਉਣ ਲਈ ਜੰਗੀ ਪੱਧਰ ’ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕੋਵਿਡ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਕਾਂਗਰਸ ਪਾਰਟੀ ਵੱਲੋੋਂ ‘ਵ੍ਹਾਈਟ ਪੇਪਰ’ ਵੀ ਜਾਰੀ ਕੀਤਾ। ਕਾਂਗਰਸ ਆਗੂ ਨੇ ਕਿਹਾ ਕਿ ਕੋਵਿਡ-19 ਵੈਕਸੀਨੇਸ਼ਨ ਦੇ ਮਾਮਲੇ ਵਿੱਚ ਰਾਜਾਂ ਨਾਲ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਕਰੋਨਾ ਪੀੜਤਾਂ ਦੇ ਵਾਰਸਾਂ ਲਈ ਮੁਆਵਜ਼ਾ ਫੰਡ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ।
ਰਾਹੁਲ ਨੇ ਕਿਹਾ, ‘‘ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਕੋਵਿਡ-19 ਦੀ ਪਹਿਲੀ ਤੇ ਦੂਜੀ ਲਹਿਰ ਦੇ ਟਾਕਰੇ ਲਈ ਕੀਤਾ ਪ੍ਰਬੰਧ ਤਬਾਹਕੁਨ ਸੀ।’’ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਕੋਵਿਡ ਕਰਕੇ ਹੋਈਆਂ ਮੌਤਾਂ ਦਾ ਜ਼ਿਕਰ ਕਰਨ ਮੌਕੇ ਪ੍ਰਧਾਨ ਮੰਤਰੀ ਦੇ ਭਾਵੁਕ ਹੋਣ ਲਈ ਤਨਜ਼ ਕਸਦਿਆਂ ਰਾਹੁਲ ਨੇ ਕਿਹਾ ਕਿ ਇਹ ਮੌਤਾਂ ਬੇਲੋੜੀਆਂ ਸਨ ਤੇ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। ਰਾਹੁਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੇ ਅੱਥਰੂ ਉਨ੍ਹਾਂ ਲੋਕਾਂ ਦੇ ਹੰਝੂਆਂ ਨੂੰ ਨਹੀਂ ਰੋਕ ਸਕਦੇ, ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ। ਪ੍ਰਧਾਨ ਮੰਤਰੀ ਦੇ ਹੰਝੂ ਮੌਤ ਦੇ ਮੂੰਹ ਪਏ ਲੋਕਾਂ ਦੀ ਜਾਨ ਨਹੀਂ ਬਚਾ ਸਕੇ, ਪਰ ਆਕਸੀਜਨ ਉਨ੍ਹਾਂ ਦੀ ਜਾਨ ਬਚਾਅ ਸਕਦੀ ਸੀ।’’ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰੋਨਾਵਾਇਰਸ ਦੀ ਦੂਜੀ ਲਹਿਰ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹ ਬੰਗਾਲ ਵਿੱਚ ਚੋਣਾਂ ਲੜ ਰਹੇ ਸਨ ਤੇ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਸੀ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਹਿਲੀ ਤੇ ਦੂਜੀ ਲਹਿਰ ਦੇ ਤਬਾਹਕੁੰਨ ਰਹਿਣ ਦੇ ਕਈ ਕੇਂਦਰੀ ਕਾਰਨ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਵ੍ਹਾਈਟ ਪੇਪਰ’ ਵਿੱਚ ਇਨ੍ਹਾਂ ਨੁਕਤਿਆਂ ਨੂੰ ਹੀ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਕਰੋਨਾ ਦੀ ਤੀਜੀ ਲਹਿਰ, ਜੋ ਅੱਗੇ ਆਉਣ ਵਾਲੀ ਹੈ, ਨਾਲ ਨਜਿੱਠਣ ਦੇ ਢੰਗ ਤਰੀਕੇ ਬਾਰੇ ਬਲੂ ਪ੍ਰਿੰਟ ਹੈ। ਸਾਡਾ ਇਹ ਉਦੇਸ਼ ਹੈ ਕਿ ਸਰਕਾਰ ਨੂੰ ਜਾਣਕਾਰੀ ਦੇਣ ਦੇ ਨਾਲ ਅੰਤਰ ਝਾਤ ਮਰਵਾਈ ਜਾਵੇ ਕਿ ਕੀ ਗ਼ਲਤ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਵ੍ਹਾਈਟ ਪੇਪਰ ਤੋਂ ਭਾਵ ਸਰਕਾਰ ’ਤੇ ਉਂਗਲ ਉਠਾਉਣਾ ਨਹੀਂ, ਬਲਕਿ ਆਉਣ ਵਾਲੀ ਤੀਜੀ ਲਹਿਰ ਦੇ ਟਾਕਰੇ ਲਈ ਦੇਸ਼ ਨੂੰ ਤਿਆਰ ਕਰਨ ਵਿਚ ਮਦਦ ਕਰਨਾ ਹੈ। ਰਾਹੁਲ ਨੇ ਕਿਹਾ, ‘‘ਜੇਕਰ ਦੂਜੀ ਲਹਿਰ ਬੁਰੀ ਸੀ ਤਾਂ ਤੀਜੀ ਉਸ ਤੋਂ ਵੀ ਭੈੜੀ ਹੋਵੇਗੀ।’’
ਰਾਹੁਲ ਨੇ ਜ਼ੋਰ ਦੇ ਕੇ ਆਖਿਆ ਕਿ ਕੋਵਿਡ ਖ਼ਿਲਾਫ਼ ਲੜਾਈ ’ਚ ਕੇਂਦਰੀ ਥੰਮ੍ਹ ਟੀਕਾਕਰਨ ਹੈ। ਉਨ੍ਹਾਂ ਕਿਹਾ ਕਿ ਇਹ ਅਹਿਮ ਹੈ ਕਿ ‘ਅਸੀਂ ਹਮਲਾਵਰ ਤਰੀਕੇ ਨਾਲ ਟੀਕਾਕਰਨ ਕਰੀਏ ਤੇ ਜਿੰਨਾ ਛੇਤੀ ਹੋ ਸਕੇ 100 ਫੀਸਦ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰੀਏ, ਕਿਉਂਕਿ ਇਹੀ ਇਕੋ ਇਕ ਸੁਰੱਖਿਆ ਹੈ।’’ ਉਨ੍ਹਾਂ ਕਿਹਾ, ‘‘ਇਹ ਜ਼ਰੂਰੀ ਹੈ ਕਿ ਸਰਕਾਰ ਆਉਣ ਵਾਲੀ ਮੁਸੀਬਤ ਦੇ ਟਾਕਰੇ ਲਈ ਤਿਆਰੀ ਕਰੇ।’’ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕੋਵਿਡ-19 ਟੀਕਾਕਰਨ ਲਈ ਸਾਰੇ ਰਾਜਾਂ ਨੂੰ ਇਕ ਅੱਖ ਨਾਲ ਵੇਖਿਆ ਜਾਵੇ ਤੇ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਾ ਹੋਵੇ ਤੇ ਰਾਜਾਂ ਨੂੰ ਭਾਜਪਾ ਜਾਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜ ਵਜੋਂ ਨਾ ਵੇਖਿਆ ਜਾਵੇ। ਉਨ੍ਹਾਂ ਕੋਵਿਡ ਕਰਕੇ ਮੌਤ ਦੇ ਮੂੰਹ ਪਏ ਪੀੜਤਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਵੀ ਸੱਦਾ ਦਿੱਤਾ। ਕਾਂਗਰਸ ਆਗੂ ਨੇ ਮੁਆਵਜ਼ਾ ਫੰਡ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। -ਪੀਟੀਆਈ
ਕੋਵਿਡ ਸੰਕਟ ’ਤੇ ਸਿਆਸਤ ਕਰ ਰਹੇ ਹਨ ਰਾਹੁਲ ਗਾਂਧੀ: ਭਾਜਪਾ
ਨਵੀਂ ਦਿੱਲੀ: ਕਰੋਨਾ ਮਹਾਮਾਰੀ ਨਾਲ ਸਿੱਝਣ ਦੇ ਕੇਂਦਰ ਸਰਕਾਰ ਦੇ ਢੰਗ ਤਰੀਕੇ ਬਾਰੇ ਜਾਰੀ ‘ਵ੍ਹਾਈਟ ਪੇਪਰ’ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਭਾਜਪਾ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਕਰੋਨਾਵਾਇਰਸ ਸੰਕਟ ਨੂੰ ਲੈ ਕੇ ਸਿਆਸਤ ਖੇਡ ਰਹੇ ਹਨ। ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ, ‘‘ਸਾਨੂੰ ਲੰਘੇ ਦਿਨ ਤੋਂ ਇਹ ਡਰ ਸਤਾ ਰਿਹਾ ਸੀ। ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਜਦੋਂ ਕਦੇ ਵੀ ਕੁਝ ਚੰਗਾ ਹੁੰਦਾ ਹੈ, ਕਾਂਗਰਸ ਤੇ ਰਾਹੁਲ ਗਾਂਧੀ ਇਸ ਨੂੰ ਲੀਹੋਂ ਲਾਉਣ ਲਈ ਕੁਝ ਖਾਸ ਕਰਦੇ ਹਨ।’ ਪਾਤਰਾ ਨੇ ਕਿਹਾ, ‘ਲੰਘਿਆ ਦਿਨ ਕਾਫ਼ੀ ਅਹਿਮ ਸੀ, ਕਿਉਂਕਿ ਭਾਰਤ ਵਿਸ਼ਵ ਦਾ ਪਹਿਲਾ ਮੁਲਕ ਬਣਿਆ, ਜਿਸ ਨੇ ਕਰੋਨਾ ਤੋਂ ਬਚਾਅ ਲਈ ਇਕ ਦਿਨ ਵਿੱਚ 87 ਲੱਖ ਟੀਕੇ ਲਾਏ ਸੀ। ਲੋਕ ਕਾਫ਼ੀ ਉਤਸ਼ਾਹ ਵਿਚ ਤੇ ਖ਼ੁਸ਼ ਸਨ। ਇਕ ਅਹਿਸਾਸ ਸੀ ਕਿ ਭਾਰਤ ਕਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਜਿੱਤ ਰਿਹਾ ਹੈ। ਠੀਕੇ ਉਸੇੇ ਵੇਲੇ ਰਾਹੁਲ ਗਾਂਧੀ ਨੇ ਵ੍ਹਾਈਟ ਪੇਪਰ ਦੀ ਗੱਲ ਕਰਕੇ ਇਸ ਨੂੰ ਲੀਹੋਂ ਲਾਉਣ ਦਾ ਯਤਨ ਕੀਤਾ।’’ ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਠੱਲਣ ਲਈ ਵਿੱਢੀ ਲੜਾਈ ਦੀ ਸ਼ੁਰੂਆਤ ਤੋਂ ਕਾਂਗਰਸ ਪਾਰਟੀ ਸਰਕਾਰ ਦੀ ਹਰ ਪੇਸ਼ਕਦਮੀ ’ਤੇ ਸਵਾਲ ਉਠਾਉਂਦੀ ਰਹੀ ਹੈ। ਭਾਜਪਾ ਤਰਜਮਾਨ ਨੇ ਕਿਹਾ ਕਿ ਕਰੋਨਾ ਦੀ ਦੂਜੀ ਲਹਿਰ ਦਾ ਆਗਾਜ਼ ਕਾਂਗਰਸ ਸ਼ਾਸਿਤ ਰਾਜਾਂ ਤੋਂ ਹੋਇਆ ਸੀ। ਵੈਕਸੀਨ ਲਵਾਉਣ ਤੋਂ ਸਭ ਤੋਂ ਵੱਧ ਝਿਜਕ/ਇਨਕਾਰ ਕਾਂਗਰਸ ਸ਼ਾਸਿਤ ਰਾਜਾਂ ਨੇ ਹੀ ਕੀਤਾ। ਵੈਕਸੀਨ ਦੇ ਵਿਕੇਂਦਰੀਕਰਨ ਦੀ ਮੰਗ ਕਾਂਗਰਸ ਸ਼ਾਸਿਤ ਰਾਜਾਂ ਤੋਂ ਹੀ ਆਈ ਤੇ ਫਿਰ ਯੂ-ਟਰਨ ਲੈਂਦਿਆਂ ਕੇਂਦਰੀਕਰਨ ਦੀ ਮੰਗ ਵੀ ਇਨ੍ਹਾਂ ਨੇ ਹੀ ਕੀਤੀ। ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਵਰਚੁਅਲ ਪ੍ਰੈੱਸ ਕਾਨਫਰੰਸਾਂ ਤੇ ਵ੍ਹਾਈਟ ਪੇਪਰਾਂ ਦੀ ਥਾਂ ਇਨ੍ਹਾਂ ਰਾਜਾਂ ਵਿੱਚ ਜਾ ਕੇ ਆਪਣੇ ਅੰਕੜੇ ਦੇਣੇ ਚਾਹੀਦੇ ਹਨ। ਪਹਿਲਾਂ ਉਨ੍ਹਾਂ ਲੌਕਡਾਊਨ ਨੂੰ ‘ਤੁਗਲਕੀ’ ਕਿਹਾ ਤੇ ਮਗਰੋਂ ਉਨ੍ਹਾਂ ਸਵਾਲ ਕੀਤਾ ਕਿ ਤਾਲਾਬੰਦੀ ਕਿਉਂ ਲਾਈ ਹੈ….ਉਨ੍ਹਾਂ ਵੈਕਸੀਨ ਲਵਾਉਣ ਤੋਂ ਝਿਜਕ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਰਾਹੁਲ ਨੂੰ ਸਵਾਲ ਕੀਤਾ, ‘‘ਕਦੋਂ ਤੱਕ ਸਿਰਫ਼ ਵਰਚੁਅਲ ਪ੍ਰੈੱਸ ਕਾਨਫਰੰਸਾਂ ਹੀ ਕਰਦੇ ਰਹਿਣਗੇ? ਤੁਸੀਂ ਕਦੋਂ ਕੋਈ ਅਸਲ ਕੰਮ ਕਰੋਗੇ? ਜਾਓ ਰਾਜਸਥਾਨ, ਪੰਜਾਬ ਤੇ ਛੱਤੀਸਗੜ੍ਹ ਵਿੱਚ ਜਾ ਕੇ ਵੇਖੋ ਕਿਵੇਂ ਵੈਕਸੀਨ ਦੇ ਖਰਾਬੇ ਦੇ ਨਾਲ ਇਸ ਰਾਹੀਂ ਮੋਟਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਜਾਓ ਜ਼ਮੀਨੀ ਪੱਧਰ ’ਤੇ ਜਾ ਕੇ ਸਰਵੇਖਣ ਕਰੋ।’’ -ਪੀਟੀਆਈ