ਨਵੀਂ ਦਿੱਲੀ, 28 ਜੂਨ
ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਈਯੂ ਕੋਵਿਡ-19 ਟੀਕਾਕਰਨ ਪਾਸਪੋਰਟ ’ਚ ਕੋਵੀਸ਼ੀਲਡ ਟੀਕੇ ਨੂੰ ਸ਼ਾਮਲ ਕਰਨ ਦੀ ਮੰਗ ਯੂਰੋਪੀ ਯੂਨੀਅਨ ਤੇ ਹੋਰਨਾਂ ਮੁਲਕਾਂ ਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ’ਤੇ ਇਸ ਨਾਲ ਵਿਦਿਆਰਥੀ ਤੇ ਕਾਰੋਬਾਰ ਦੇ ਸਿਲਸਿਲੇ ’ਚ ਯਾਤਰਾ ਕਰਨ ਵਾਲੇ ਲੋਕ ਪ੍ਰਭਾਵਿਤ ਹੋਣਗੇ ਅਤੇ ਭਾਰਤੀ ਤੇ ਆਲਮੀ ਅਰਥਚਾਰੇ ’ਚ ਗੰਭੀਰ ਸਮੱਸਿਆ ਆ ਸਕਦੀ ਹੈ।
ਯੂਰੋਪੀ ਮੈਡੀਸਿਨਜ਼ ਏਜੰਸੀ (ਈਐੱਮਏ) ਨੇ ਸਿਰਫ਼ ਚਾਰ ਟੀਕਿਆਂ ਫਾਈਜ਼ਰ/ਬਾਇਓਐੱਨਟੈਕ ਦੇ ਕੋਮਿਰਨੈਟੀ, ਮੌਡਰਨਾ, ਐਸਟਰਾਜ਼ੈਨੇਕਾ-ਆਕਸਫੋਰਡ ਦੇ ਵੈਕਸਜ਼ੇਰਵਰੀਆ ਅਤੇ ਜੌਹਨਸਨ ਐਂਡ ਜੌਹਨਸਨ ਦੇ ਜਾਨਸਨ ਨੂੰ ਮਨਜ਼ੂਰੀ ਦਿੱਤੀ ਹੈ। ਜਿਨ੍ਹਾਂ ਨੂੰ ਲੋਕਾਂ ਨੂੰ ਇਹ ਟੀਕੇ ਲੱਗੇ ਹਨ ਉਨ੍ਹਾਂ ਨੂੰ ਹੀ ਟੀਕਾਕਰਨ ਪਾਸਪੋਰਟ ਮਿਲੇਗਾ ਅਤੇ ਮਹਾਮਾਰੀ ਦੌਰਾਨ ਯੂਰੋਪੀ ਯੂਨੀਅਨ ਅੰਦਰ ਯਾਤਰਾ ਦੀ ਇਜਾਜ਼ਤ ਮਿਲੇਗੀ। ਇੱਕ ਸੂਤਰ ਨੇ ਦੱਸਿਆ ਕਿ ਐੱਸਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਦੀ ਅਬਾਦੀ ਵੱਡੀ ਹੈ। ਕੋਵੀਸ਼ੀਲਡ ਨੂੰ ਈਯੂ ਕੋਵਿਡ-19 ਟੀਕਾਕਰਨ ਪਾਸਪੋਰਟ ’ਚ ਸ਼ਾਮਲ ਨਾ ਕਰਨ ਨਾਲ ਕੋਵੀਸ਼ੀਲਡ ਦਾ ਟੀਕਾ ਲਗਵਾਉਣ ਵਾਲੇ ਲੋਕ ਯੂਰੋਪੀ ਮੁਲਕਾਂ ਦੀ ਯਾਤਰਾ ਨਹੀਂ ਕਰ ਸਕਣਗੇ ਅਤੇ ਇਸ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਨੂੰ ਯਾਤਰਾ ’ਚ ਦਿੱਕਤਾਂ ਆਉਣਗੀਆਂ ਅਤੇ ਅਰਥਚਾਰੇ ’ਚ ਵੱਡਾ ਅੜਿੱਕਾ ਪਵੇਗਾ। -ਪੀਟੀਆਈ