ਨਵੀਂ ਦਿੱਲੀ, 24 ਨਵੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸਰਕਾਰ ਨੂੰ ਕੋਵਿਡ-19 ਕਾਰਨ ਜਾਨ ਗੁਆਉਣ ਵਾਲਿਆਂ ਦੇ ਸਹੀ ਅੰਕੜੇ ਦੱਸੇ ਤੇ ਹਰ ਪੀੜਤ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਗੁਜਰਾਤ ਦੇ ਇਕ ਪਰਿਵਾਰ ਦੀ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਇੱਕ ਮੈਂਬਰ ਦੀ ਕਰੋਨਾ ਕਾਰਨ ਮੌਤ ਹੋ ਗਈ ਪਰ ਉਸ ਨੂੰ ਸਰਕਾਰ ਤੋਂ ਸਮੇਂ ਸਿਰ ਮਦਦ ਨਹੀਂ ਮਿਲੀ।
ਰਾਹੁਲ ਗਾਂਧੀ ਨੇ ‘ਗੁਜਰਾਤ ਮਾਡਲ’ ਦੀ ਆਲੋਚਨਾ ਵੀ ਕੀਤੀ ਜਿਸ ਨੂੰ ਭਾਜਪਾ ਨੂੰ ਦੇਸ਼ ਦੇ ਸਭ ਤੋਂ ਚੰਗੇ ਮਾਡਲ ਵਜੋਂ ਪੇਸ਼ ਕੀਤਾ ਹੈ। ਰਾਹੁਲ ਗਾਂਧੀ ਨੇ ਹੈਸ਼ਟੈਗ #ਚਾਰ ਲੱਖ ਦੇਣੇ ਪੈਣਗੇ ਦੀ ਵਰਤੋਂ ਕਰਦਿਆਂ ਟਵੀਟ ਕੀਤਾ, ‘ਕਾਂਗਰਸ ਪਾਰਟੀ ਦੀਆਂ ਦੋ ਮੰਗਾਂ ਹਨ। ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਭਰੋਸੇਯੋਗ ਅੰਕੜਾ ਜਾਰੀ ਕੀਤਾ ਜਾਵੇ ਤੇ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।’ ‘ਕਾਂਗਰਸ ਨਿਆਂ ਮੁਹਿੰਮ’ ਤਹਿਤ ਸਾਂਝੀ ਕੀਤੀ 4.31 ਮਿੰਟ ਦੀ ਵੀਡੀਓ ਰਾਹੀਂ ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਮਾਡਲ ਬਾਰੇ ਬਹੁਤ ਗੱਲ ਕੀਤੀ ਗਈ ਪਰ ਜਦੋਂ ਉਨ੍ਹਾਂ ਉੱਥੇ ਦੇ ਪਰਿਵਾਰਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਕਰੋਨਾ ਕਾਲ ’ਚ ਉਨ੍ਹਾਂ ਨੂੰ ਹਸਪਤਾਲਾਂ ’ਚ ਨਾ ਬੈੱਡ ਮਿਲਿਆ ਨਾ ਵੈਂਟੀਲੇਟਰ।
ਉਨ੍ਹਾਂ ਕਿਹਾ, ‘ਜਦੋਂ ਉਨ੍ਹਾਂ ਨੂੰ ਹਸਪਤਾਲਾਂ ’ਚ ਮਦਦ ਦੀ ਲੋੜ ਸੀ, ਤੁਸੀਂ ਉੱਥੇ ਨਹੀਂ ਸੀ ਅਤੇ ਜਦੋਂ ਉਨ੍ਹਾਂ ਹਸਪਤਾਲਾਂ ’ਚ 10-15 ਲੱਖ ਰੁਪਏ ਗੁਆ ਲਏ ਤੇ ਪਰਿਵਾਰਕ ਮੈਂਬਰ ਵੀ ਗੁਆ ਲਏ ਤਾਂ ਤੁਸੀਂ ਉਸ ਸਮੇਂ ਮੁਆਵਜ਼ਾ ਦੇਣ ਲਈ ਵੀ ਉਥੇ ਨਹੀਂ ਸੀ। ਕਿਸ ਤਰ੍ਹਾਂ ਦੀ ਸਰਕਾਰ ਹੈ ਇਹ?’ ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਦਾਅਵਾ ਕਰਦੀ ਹੈ ਕਿ ਕਰੋਨਾ ਕਾਰਨ ਸਿਰਫ਼ 10 ਹਜ਼ਾਰ ਲੋਕਾਂ ਦੀ ਮੌਤ ਹੋਈ ਪਰ ਸੱਚ ਇਹ ਹੈ ਕਿ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਕਰੋਨਾ ਕਾਰਨ ਮੌਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਵਰਕਰਾਂ ਨੇ ਇਹ ਅੰਕੜੇ ਘਰ-ਘਰ ਜਾ ਕੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਨਵਾਂ ਜਹਾਜ਼ ਖਰੀਦਣ ਲਈ 8500 ਕਰੋੜ ਰੁਪਏ ਹਨ ਪਰ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਰਾਸ਼ੀ ਨਹੀਂ ਹੈ। -ਪੀਟੀਆਈ