ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਜੀਐੱਸਟੀ ਕੌਂਸਲ ਦੀ ਅਗਲੀ ਬੈਠਕ ਵਿਚ ਜੇ ਸੂਬੇ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦਾ ਮਸਲਾ ਚੁੱਕਦੇ ਹਨ ਤਾਂ ਉਹ ਚਰਚਾ ਲਈ ਤਿਆਰ ਹਨ। ਅੱਜ ਲੋਕ ਸਭਾ ਵਿਚ ਵਿੱਤ ਬਿੱਲ ਉਤੇ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਿਰਫ਼ ਕੇਂਦਰ ਹੀ ਨਹੀਂ, ਰਾਜ ਵੀ ਪੈਟਰੋਲ-ਡੀਜ਼ਲ ਉਤੇ ਟੈਕਸ ਵਸੂਲਦੇ ਹਨ। ਇਸ ਲਈ ਰਾਜਾਂ ਨੂੰ ਵੀ ਟੈਕਸ ਘਟਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੀਐੱਸਟੀ ਬੈਠਕ ਵਿਚ ਇਸ ਮੁੱਦੇ ਨੂੰ ਲਿਆਉਣਾ ਸੂਬਿਆਂ ਉਤੇ ਨਿਰਭਰ ਕਰਦਾ ਹੈ। ਜ਼ਿਕਰਯੋਗ ਹੈ ਕਿ ਤੇਲ ਕੀਮਤਾਂ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਵਧ ਰਹੀਆਂ ਹਨ ਤੇ ਵਿਰੋਧੀ ਧਿਰਾਂ ਇਨ੍ਹਾਂ ਨੂੰ ਘਟਾਉਣ ਦੀ ਮੰਗ ਕਰ ਰਹੀਆਂ ਹਨ। -ਪੀਟੀਆਈ