ਨਵੀਂ ਦਿੱਲੀ, 4 ਅਕਤੂਬਰ
ਸੀਪੀਐੱਮ ਨੇ ਭਾਜਪਾ ਅਤੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਲਖੀਮਪੁਰ ਖੀਰੀ ਜਾਣ ਤੋਂ ਰੋਕਣ ਦਾ ਹੱਕ ਨਹੀਂ ਹੈ ਜਿਥੇ ਹਿੰਸਾ ’ਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਹੈ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਆਗੂਆਂ ਨੂੰ ਪੀੜਤਾਂ ਦੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਕਿਹਾ,‘‘ਭਾਜਪਾ ਅਤੇ ਨਰਿੰਦਰ ਮੋਦੀ ਸਰਕਾਰ ਨੂੰ ਕੱਲ ਹੋਏ ਘਿਣਾਉਣੇ ਵਤੀਰੇ ਦੇ ਸ਼ਿਕਾਰ ਲੋਕਾਂ ਤੱਕ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਹੁੰਚਣ ਤੋਂ ਰੋਕਣ ਦਾ ਹੱਕ ਨਹੀਂ ਹੈ। ਅਸੀਂ ਲੋਕਤੰਤਰ ਦੇ ਇਸ ਦਮਨ ਦੀ ਸਖ਼ਤ ਨਿੰਦਾ ਕਰਦੇ ਹਾਂ।’’ ਸ੍ਰੀ ਯੇਚੁਰੀ ਨੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਾਡੇ ਬਹਾਦਰ ਅਤੇ ਸਿਰੜੀ ਕਿਸਾਨਾਂ ਦੇ ਬਲਿਦਾਨ ਨੂੰ ਅਸੀਂ ਅਜਾਈਂ ਨਹੀਂ ਜਾਣ ਦੇਵਾਂਗੇ। –ਪੀਟੀਆਈ