ਨਵੀਂ ਦਿੱਲੀ, 6 ਦਸੰਬਰ
ਮੁੱਖ ਅੰਸ਼
- ਇਸ਼ਾਰੇ ਦੇ ਬਾਵਜੂਦ ਵਾਹਨ ਨਾ ਰੁਕਣ ਤੇ ਗਲਤ ਪਛਾਣ ਕਾਰਨ ਫ਼ੌਜ ਨੂੰ ਚਲਾਉਣੀ ਪਈ ਗੋਲੀ
- ‘ਸਿਟ’ ਮਾਮਲੇ ਦੀ ਇਕ ਮਹੀਨੇ ’ਚ ਜਾਂਚ ਕਰੇਗੀ ਮੁਕੰਮਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਵਿਚ ਫ਼ੌਜ ਵੱਲੋਂ ਕੀਤੀ ਫਾਇਰਿੰਗ ਦੀ ਘਟਨਾ ’ਤੇ ਅੱਜ ਲੋਕ ਸਭਾ ’ਚ ਅਫ਼ਸੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਗਲਤ ਪਛਾਣ ਕਾਰਨ ਹੋਈ ਗੋਲੀਬਾਰੀ ਤੇ ਮਗਰੋਂ ਹੋਈ ਹਿੰਸਾ ’ਚ 14 ਆਮ ਨਾਗਰਿਕ ਮਾਰੇ ਗਏ ਸਨ। ਇਕ ਸੈਨਿਕ ਦੀ ਵੀ ਮੌਤ ਹੋ ਗਈ ਸੀ। ਸ਼ਾਹ ਨੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਇਸ ਮਾਮਲੇ ਦੀ ਜਾਂਚ ਇਕ ਮਹੀਨੇ ’ਚ ਮੁਕੰਮਲ ਕਰੇਗੀ ਤੇ ਸਾਰੀਆਂ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਦੌਰਾਨ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਲੋਕ ਸਭਾ ਵਿਚ ਬਿਆਨ ਦਿੰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਇਲਾਕੇ ਵਿਚ ਸ਼ਾਂਤੀ-ਸਥਿਰਤਾ ਕਾਇਮ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਸੂਬਾਈ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪ੍ਰਭਾਵਿਤ ਇਲਾਕਿਆਂ ਵਿਚ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਸ਼ਾਹ ਨੇ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਚਾਰ ਦਸੰਬਰ ਨੂੰ ਵਾਪਰੀ ਇਹ ਘਟਨਾ ਗਲਤ ਪਛਾਣ ਦਾ ਮਾਮਲਾ ਸੀ ਤੇ ਸੈਨਾ ਨੇ ਖਾਣ ਵਰਕਰਾਂ ਨੂੰ ਅਤਿਵਾਦੀ ਸਮਝ ਲਿਆ ਸੀ। ਅਤਿਵਾਦੀਆਂ ਦੀ ਇਸ ਇਲਾਕੇ ਵਿਚ ਗਤੀਵਿਧੀ ਬਾਰੇ ਫ਼ੌਜ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਗ੍ਰਹਿ ਮੰਤਰੀ ਨੇ ਕਿਹਾ ‘ਭਾਰਤ ਸਰਕਾਰ ਨੂੰ ਨਾਗਾਲੈਂਡ ਵਿਚ ਵਾਪਰੀ ਮੰਦਭਾਗੀ ਘਟਨਾ ’ਤੇ ਗਹਿਰਾ ਅਫ਼ਸੋਸ ਹੈ ਤੇ ਜਿਨ੍ਹਾਂ ਦੀ ਜਾਨ ਗਈ ਹੈ, ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ।’ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿਚ ਵਾਪਰੀ ਘਟਨਾ ’ਚ 11 ਜਣੇ ਜ਼ਖ਼ਮੀ ਵੀ ਹੋਏ ਸਨ। ਸ਼ਾਹ ਨੇ ਘਟਨਾ ਦੇ ਵੇਰਵੇ ਸਾਂਝੇ ਕਰਦਿਆ ਕਿਹਾ ਕਿ ਫ਼ੌਜ ਨੂੰ ਅਤਿਵਾਦੀਆਂ ਦੀ ਇਲਾਕੇ ਵਿਚ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ। ਕਾਰਵਾਈ ਕਰਦਿਆਂ ਫ਼ੌਜ ਦੀ ‘21 ਪੈਰਾ ਕਮਾਂਡੋ’ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਸੀ। ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਇਹ ਤੇਜ਼ ਹੋ ਗਿਆ ਤੇ ਨਹੀਂ ਰੁਕਿਆ। ਵਾਹਨ ਵਿਚ ਅਤਿਵਾਦੀਆਂ ਦੇ ਹੋਣ ਦੇ ਸ਼ੱਕ ’ਚ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ। ਗੱਡੀ ਵਿਚ ਸਵਾਰ 8 ਜਣਿਆਂ ਵਿਚੋਂ ਛੇ ਜਣੇ ਮੌਕੇ ਉਤੇ ਹੀ ਮਾਰੇ ਗਏ।
ਬਾਅਦ ਵਿਚ ਇਹ ਮਾਮਲਾ ‘ਗਲਤ ਪਛਾਣ ਕਰਨ ਦਾ ਨਿਕਲਿਆ।’ ਫ਼ੌਜ ਨੇ ਦੋ ਜ਼ਖ਼ਮੀ ਨਾਗਰਿਕ ਨੂੰ ਮਗਰੋਂ ਹਸਪਤਾਲ ਦਾਖਲ ਕਰਾਇਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਜਦ ਗੋਲੀਬਾਰੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਫ਼ੌਜ ਦੇ ਵਾਹਨਾਂ ਨੂੰ ਘੇਰ ਕੇ ਹੱਲਾ ਬੋਲ ਦਿੱਤਾ। ਇਸ ਹਿੰਸਾ ਵਿਚ ਇਕ ਸੈਨਿਕ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਸ਼ਾਹ ਨੇ ਕਿਹਾ ਕਿ ਆਤਮ ਰੱਖਿਆ ਲਈ ਤੇ ਭੀੜ ਨੂੰ ਖਿੰਡਾਉਣ ਲਈ ਫ਼ੌਜੀਆਂ ਨੂੰ ਗੋਲੀ ਚਲਾਉਣੀ ਪਈ ਜਿਸ ਵਿਚ ਸੱਤ ਹੋਰ ਨਾਗਰਿਕਾਂ ਦੀ ਮੌਤ ਹੋ ਗਈ। ਗ੍ਰਹਿ ਮੰਤਰੀ ਨੇ ਕਿਹਾ ਕਿ ਐਤਵਾਰ ਸਵੇਰੇ ਗੁੱਸੇ ਵਿਚ ਆਈ ਭੀੜ ਨੇ ਅਸਾਮ ਰਾਈਫਲਜ਼ ਕੰਪਨੀ ਦੇ ਕੈਂਪ ਨੂੰ ਘੇਰ ਲਿਆ ਤੇ ਫ਼ੌਜ ਨੂੰ ਗੋਲੀ ਚਲਾਉਣੀ ਪੈ ਗਈ। ਇਸ ਵਿਚ ਇਕ ਹੋਰ ਨਾਗਰਿਕ ਦੀ ਮੌਤ ਹੋ ਗਈ। ਸ਼ਾਹ ਨੇ ਕਿਹਾ ਕਿ ਫ਼ੌਜ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਰਹੀ ਹੈ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਵਧੀਕ ਸਕੱਤਰ (ਇੰਚਾਰਜ ਉੱਤਰ-ਪੂਰਬ) ਨੂੰ ਕੋਹਿਮਾ ਭੇਜਿਆ ਹੈ ਜਿੱਥੇ ਉਹ ਮੁੱਖ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਰ ਰਹੇ ਹਨ। ਆਮ ਵਾਂਗ ਸਥਿਤੀ ਬਹਾਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। -ਪੀਟੀਆਈ
ਕਾਂਗਰਸ ਦਾ ਚਾਰ ਮੈਂਬਰੀ ਵਫ਼ਦ ਨਾਗਾਲੈਂਡ ਜਾਵੇਗਾ
ਨਵੀਂ ਦਿੱਲੀ: ਕਾਂਗਰਸ ਨੇ ਨਾਗਾਲੈਂਡ ਦੇ ਦੌਰੇ ’ਤੇ ਜਾਣ ਵਾਲੇ ਚਾਰ ਮੈਂਬਰੀ ਵਫ਼ਦ ਦਾ ਗਠਨ ਕਰ ਦਿੱਤਾ ਹੈ। ਪਾਰਟੀ ਨੇ ਉਨ੍ਹਾਂ ਨੂੰ ਮੋਨ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਵੱਲੋਂ ਮਾਰੇ ਗਏ ਆਮ ਨਾਗਰਿਕਾਂ ਦੇ ਮਾਮਲੇ ਦੀ ਜਾਂਚ ਕਰਨ ਮਗਰੋਂ ਰਿਪੋਰਟ ਇਕ ਹਫ਼ਤੇ ’ਚ ਦੇਣ ਲਈ ਕਿਹਾ ਹੈ। ਵਫ਼ਦ ’ਚ ਪਾਰਟੀ ਦੇ ਸੀਨੀਅਰ ਆਗੂ ਜਿਤੇਂਦਰ ਸਿੰਘ, ਅਜੋਇ ਕੁਮਾਰ, ਗੌਰਵ ਗੋਗੋਈ ਅਤੇ ਐਂਟੋ ਐਂਟਨੀ ਸ਼ਾਮਲ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਕਿਹਾ ਹੈ ਕਿ ਪਾਰਟੀ ਦੇ ਨਾਗਾਲੈਂਡ ’ਚ ਆਗੂਆਂ ਨੇ ਅੱਜ ਸਵੇਰੇ ਮੋਨ ’ਚ ਹੋਏ ਅੰਤਿਮ ਸਸਕਾਰ ’ਚ ਹਿੱਸਾ ਲਿਆ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ ਹੈ। -ਪੀਟੀਆਈ
ਗ੍ਰਹਿ ਮੰਤਰੀ ਦੇ ਜਵਾਬ ਤੋਂ ਅਸੰਤੁਸ਼ਟ ਵਿਰੋਧੀ ਧਿਰਾਂ ਵੱਲੋਂ ਵਾਕਆਊਟ
ਨਵੀਂ ਦਿੱਲੀ: ਵਿਰੋਧੀ ਧਿਰਾਂ ਹਾਲਾਂਕਿ ਲੋਕ ਸਭਾ ਵਿਚ ਗ੍ਰਹਿ ਮੰਤਰੀ ਦੇ ਬਿਆਨ ਤੋਂ ਸੰਤੁਸ਼ਟ ਨਹੀਂ ਹੋਈਆਂ ਤੇ ਵਾਕਆਊਟ ਕੀਤਾ। ਕਾਂਗਰਸ, ਡੀਐਮਕੇ, ਸਪਾ, ਬਸਪਾ ਤੇ ਐਨਸੀਪੀ ਦੇ ਮੈਂਬਰ ਸਦਨ ਵਿਚੋਂ ਬਾਹਰ ਚਲੇ ਗਏ। ਉਨ੍ਹਾਂ ਕਿਹਾ ਕਿ ਨਾ ਤਾਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਤੇ ਨਾ ਹੀ ਜ਼ਿੰਮੇਵਾਰਾਂ ਨੂੰ ਸਜ਼ਾ ਦੇਣ ਬਾਰੇ ਕੁਝ ਕਿਹਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਹਾਲਾਂਕਿ ਵਾਕਆਊਟ ਨਹੀਂ ਕੀਤਾ। ਇਸ ਤੋਂ ਪਹਿਲਾਂ ਲੋਕ ਸਭਾ ਦੇ ਮੈਂਬਰਾਂ ਨੇ ਨਾਗਾਲੈਂਡ ਘਟਨਾ ਦੀ ਨਿਖੇਧੀ ਕੀਤੀ ਤੇ ਨਿਰਪੱਖ ਜਾਂਚ ਮੰਗੀ। ਮੈਂਬਰਾਂ ਨੇ ਅਫਸਪਾ ਨੂੰ ਹਟਾਉਣ ਦੀ ਮੰਗ ਵੀ ਕੀਤੀ। ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਮੰਗ ਕੀਤੀ ਕਿ ਮੰਦਭਾਗੀ ਘਟਨਾ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਸੂਰਵਾਰਾਂ ਨੂੰ ਅਫ਼ਸਪਾ ਤਹਿਤ ਕੋਈ ਰਾਹਤ ਨਹੀਂ ਮਿਲਣੀ ਚਾਹੀਦੀ ਹੈ। ਏਆਈਐੱਮਆਈਐੱਮ ਦੇ ਅਸਦ-ਉਦ-ਦੀਨ ਓਵਾਇਸੀ ਨੇ ਕਿਹਾ ਕਿ ਸਰਕਾਰ ਨਾਗਾਲੈਂਡ ’ਚੋਂ ਅਫ਼ਸਪਾ ਹਟਾਉਣ ਦੀ ਜਾਣਕਾਰੀ ਲੋਕ ਸਭਾ ਨੂੰ ਦੇਵੇ। ਉਨ੍ਹਾਂ ਸਰਕਾਰ ਨੂੰ ਇਹ ਜਾਣਕਾਰੀ ਦੇਣ ਲਈ ਵੀ ਕਿਹਾ ਕਿ ਕੀ ਖ਼ਿੱਤੇ ’ਚ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਹ ਚੀਨ ਨਾਲ ਜੁੜੇ ਇਕ ਸੂਹੀਏ ਤੋਂ ਮਿਲੀ ਸੀ।
ਨਾਗਾਲੈਂਡ ਪੁਲੀਸ ਵੱਲੋਂ ਫ਼ੌਜ ਦੀ ਪੈਰਾ ਸਪੈਸ਼ਲ ਫੋਰਸ ਖ਼ਿਲਾਫ਼ ਹੱਤਿਆ ਦਾ ਕੇਸ ਦਰਜ
ਕੋਹਿਮਾ: ਨਾਗਾਲੈਂਡ ਪੁਲੀਸ ਨੇ ਫ਼ੌਜ ਦੀ 21ਵੀਂ ਪੈਰਾ ਸਪੈਸ਼ਲ ਫੋਰਸ ਖ਼ਿਲਾਫ਼ ਕਤਲ ਕੇਸ ਦਰਜ ਕਰ ਲਿਆ ਹੈ। ਸੁਰੱਖਿਆ ਬਲਾਂ ਉਤੇ ਕਥਿਤ ਤੌਰ ’ਤੇ ਨਾਗਰਿਕਾਂ ਉਤੇ ਗੋਲੀਬਾਰੀ ਕਰਨ ਦੇ ਦੋਸ਼ ਲਾਏ ਗਏ ਹਨ। ਰਾਜ ਵਿਚ ਆਦਿਵਾਸੀਆਂ ਦੇ ਕਈ ਸੰਗਠਨਾਂ ਨੇ ਰੋਸ ਵਜੋਂ ਬੰਦ ਦਾ ਸੱਦਾ ਦਿੱਤਾ। ਮੋਨ ਕਸਬੇ ਵਿਚ ਧਾਰਾ 144 ਅਧੀਨ ਪਾਬੰਦੀ ਦੇ ਹੁਕਮ ਦਿੱਤੇ ਗਏ ਹਨ। ਸੁਰੱਖਿਆ ਬਲਾਂ ਖ਼ਿਲਾਫ਼ ਕੇਸ ਆਈਪੀਸੀ ਦੀ ਧਾਰਾ 302/307/34 ਤਹਿਤ ਦਰਜ ਕੀਤਾ ਗਿਆ ਹੈ। ਨਾਗਾਲੈਂਡ ਪੁਲੀਸ ਵੱਲੋਂ ਖ਼ੁਦ ਹੀ ਦਰਜ ਸ਼ਿਕਾਇਤ ਮੁਤਾਬਕ 4 ਦਸੰਬਰ ਨੂੰ ਦੁਪਹਿਰ ਬਾਅਦ 3.30 ਵਜੇ ਜਦ ਖਾਣ ਦੇ ਵਰਕਰ ਘਰ ਨੂੰ ਪਰਤ ਰਹੇ ਸਨ ਤਾਂ ਰਸਤੇ ਵਿਚ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਭੜਕਾਹਟ ਤੋਂ ਵਾਹਨ ਉਤੇ ਗੋਲੀ ਚਲਾਈ। ਇਸ ਘਟਨਾ ਵਿਚ ਕਈ ਜਣੇ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਹ ਵੀ ਕਿਹਾ ਗਿਆ ਹੈ ਕਿ ਘਟਨਾ ਵਾਪਰਨ ਵੇਲੇ ਫ਼ੌਜ ਨਾਲ ਕੋਈ ਪੁਲੀਸ ਗਾਈਡ ਨਹੀਂ ਸੀ ਤੇ ਨਾ ਹੀ ਬਲਾਂ ਨੇ ਇਸ ਦੀ ਮੰਗ ਕੀਤੀ ਸੀ। ਇਸ ਲਈ ਇਹ ਜਾਪਦਾ ਹੈ ਕਿ ਸੁਰੱਖਿਆ ਬਲਾਂ ਦਾ ਮੰਤਵ ਨਾਗਰਿਕਾਂ ਦੀ ਹੱਤਿਆ ਕਰਨਾ ਤੇ ਜ਼ਖ਼ਮੀ ਕਰਨਾ ਹੀ ਸੀ। ਸੂਬੇ ’ਚ ਕਾਫ਼ੀ ਰਸੂਖ ਰੱਖਦੀ ਨਾਗਾ ਸਟੂਡੈਂਟਸ ਫੈਡਰੇਸ਼ਨ ਨੇ ਪੰਜ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਵੱਲੋਂ ਅੱਜ ਦਿੱਤਾ ਗਿਆ ਬੰਦ ਦਾ ਸੱਦਾ ਜ਼ਿਆਦਾਤਰ ਸ਼ਾਂਤੀਪੂਰਨ ਰਿਹਾ। ਇਸ ਦੌਰਾਨ ਵਿਦਿਆਰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮਾਮੂਲੀ ਝੜਪ ਹੀ ਹੋਈ। ਅਧਿਕਾਰੀਆਂ ਮੁਤਾਬਕ ਜ਼ਖ਼ਮੀ 28 ਜਣਿਆਂ ਵਿਚੋਂ ਛੇ ਦੀ ਹਾਲਤ ਕਾਫ਼ੀ ਗੰਭੀਰ ਹੈ। -ਪੀਟੀਆਈ