ਨਵੀਂ ਦਿੱਲੀ, 13 ਦਸੰਬਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਬੀਐੱਸਈ ਦੀ ਪ੍ਰੀਖਿਆ ਦੇ ਇਕ ਪ੍ਰਸ਼ਨ ਪੱਤਰ ਵਿਚ ਆਏ ਪੈਰੇ ਨੂੰ ਮਹਿਲਾ ਵਿਰੋਧੀ ਕਰਾਰ ਦਿੰਦੇ ਹੋਏ ਬੋਰਡ ਅਤੇ ਸਿੱਖਿਆ ਮੰਤਰਾਲੇ ਤੋਂ ਇਸ ਪ੍ਰਸ਼ਨ ਪੱਤਰ ਨੂੰ ਤਤਕਾਲ ਵਾਪਸ ਲੈਣ ਅਤੇ ਇਸ ਵਿਸ਼ੇ ’ਤੇ ਮੁਆਫ਼ੀ ਦੀ ਮੰਗ ਅੱਜ ਲੋਕ ਸਭਾ ਵਿਚ ਕੀਤੀ। ਸੋਨੀਆ ਗਾਂਧੀ ਨੇ ਸਿਫ਼ਰਕਾਲ ਦੌਰਾਨ ਇਸ ਪੈਰੇ ਦਾ ਜ਼ਿਕਰ ਕਰਦਿਆਂ ਅੰਗਰੇਜ਼ੀ ਵਿਚ ਉਸ ਦੇ ਦੋ ਵਾਕਾਂ ਬਾਰੇ ਦੱਸਿਆ, ਜਿਸ ਅਨੁਸਾਰ, ‘‘ਮਹਿਲਾਵਾਂ ਨੂੰ ਆਜ਼ਾਦੀ ਮਿਲਣਾ ਕਈ ਤਰ੍ਹਾਂ ਦੀਆਂ ਸਮਾਜਿਕ ਅਤੇ ਪਰਿਵਾਰਕ ਸਮੱਸਿਆਵਾਂ ਦਾ ਮੁੱਖ ਕਾਰਨ ਹੈ।’’ ਅਤੇ ‘‘ਪਤਨੀਆਂ ਆਪਣੇ ਪਤੀਆਂ ਦੀ ਗੱਲ ਨਹੀਂ ਸੁਣਦੀਆਂ ਹਨ ਜਿਸ ਕਰ ਕੇ ਬੱਚੇ ਅਤੇ ਨੌਕਰ ਅਨੁਸ਼ਾਸਨਹੀਣ ਹੁੰਦੇ ਹਨ।’’ ਕਾਂਗਰਸ ਪ੍ਰਧਾਨ ਨੇ ਸਖ਼ਤ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਇਹ ਸਿੱਖਿਆ ਦੇ ਮਾਣਕਾਂ ਅਤੇ ਪਰੀਖਣ ਵਿਚ ਖ਼ਰਾਬ ਪੱਧਰ ਨੂੰ ਦਰਸਾਉਂਦਾ ਹੈ ਅਤੇ ਤਾਕਤਵਰ ਤੇ ਪ੍ਰਗਤੀਸ਼ੀਲ ਸਮਾਜ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰਾਲੇ ਤੇ ਸੀਬੀਐੱਸਈ ਨੂੰ ਇਸ ਮਾਮਲੇ ਵਿਚ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੂਰੀ ਸਮੀਖਿਆ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਹੋਵੇ। ਉਨ੍ਹਾਂ ਸਿੱਖਿਆ ਮੰਤਰਾਲੇ ਤੋਂ ਪਾਠਕ੍ਰਮ ਵਿਚ ਲਿੰਗਕ ਸਮਾਨਤਾ ਦੇ ਮਾਣਕਾਂ ਦੀ ਸਮੀਖਿਆ ਕਰਨ ਦੀ ਮੰਗ ਵੀ ਕੀਤੀ। ਉਪਰੰਤ ਕਾਂਗਰਸ, ਡੀਐੱਮਕੇ, ਆਈਯੂਐੱਮਐੱਲ, ਐੱਨਸੀਪੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੈਂਬਰਾਂ ਨੇ ਸਦਨ ਵਿਚ ਸਰਕਾਰ ਤੋਂ ਇਸ ਵਿਸ਼ੇ ’ਤੇ ਜਵਾਬ ਦੀ ਮੰਗ ਕੀਤੀ, ਹਾਲਾਂਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਉਸ ਮਗਰੋਂ ਇਨ੍ਹਾਂ ਪਾਰਟੀਆਂ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ।
ਉੱਧਰ, ਰਾਹੁਲ ਗਾਂਧੀ ਨੇ ਵੀ ਸੀਬੀਐੱਸਈ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਗਾਇਆ ਕਿ ਇਹ ਨੌਜਵਾਨਾਂ ਦੀ ਨੈਤਿਕ ਸ਼ਕਤੀ ਤੇ ਭਵਿੱਖ ਨੂੰ ਦਰੜਨ ਵਾਲੀ ਆਰਐੱਸਐੱਸ ਤੇ ਭਾਜਪਾ ਦੀ ਸਾਜ਼ਿਸ਼ ਹੈ। -ਪੀਟੀਆਈ