ਕਾਨਪੁਰ (ਯੂਪੀ), 28 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਪੁਰ ਦੇ ਕਾਰੋਬਾਰੀ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਣ ਦੇ ਮੁੱਦੇ ’ਤੇ ਸਮਾਜਵਾਦੀ ਪਾਰਟੀ ਨੂੰ ਨਿਸ਼ਾਨੇ ’ਤੇ ਲਿਆ ਅਤੇ ਵਿਅੰਗ ਕੀਤਾ ਕਿ ਇਹ ਵਿਰੋਧੀ ਧਿਰ ਦੀ ‘ਪ੍ਰਾਪਤੀ ਤੇ ਸਚਾਈ’ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਉੱਤਰ ਪ੍ਰਦੇਸ਼ ’ਚ ਜਿੰਨੀਆਂ ਵੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਹਨ ਉਨ੍ਹਾਂ ਦੇ ਕਾਰਜਕਾਲ ’ਚ ਮਾਫੀਆ ਦਾ ਪਾਸਾਰ ਵਧਿਆ ਹੈ ਜਿਸ ਕਾਰਨ ਇਸ ਰਾਜ ’ਚ ਸਾਰੇ ਕਾਰੋਬਾਰ ਤਬਾਹ ਹੋਏ ਹਨ।
ਪ੍ਰਧਾਨ ਮੰਤਰੀ ਨੇ ਮੈਟਰੋ ਰੇਲ ਪ੍ਰਾਜੈਕਟ ਅਤੇ 356 ਕਿਲੋਮੀਟਰ ਲੰਮੇ ਬੀਨਾ-ਪੰਕੀ ਮਲਟੀ-ਪ੍ਰੋਡਕਟ ਪਾਈਪਲਾਈਨ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ, ‘ਨੋਟਾਂ ਨਾਲ ਭਰੇ ਡੱਬੇ ਮਿਲੇ ਹਨ। ਮੈਨੂੰ ਲੱਗਦਾ ਹੈ ਕਿ ਉਹ ਕਹਿਣਗੇ ਕਿ ਇਹ ਵੀ ਅਸੀਂ ਕੀਤਾ ਹੈ। ਕਾਨਪੁਰ ਦੇ ਲੋਕ ਕਾਰੋਬਾਰ ਨੂੰ ਸਮਝਦੇ ਹਨ ਤੇ ਚੰਗੀ ਤਰ੍ਹਾਂ ਵਪਾਰ ਕਰਦੇ ਹਨ। 2017 ਤੋਂ ਪਹਿਲਾਂ ਉਨ੍ਹਾਂ ਜੋ ਭ੍ਰਿਸ਼ਟਾਚਾਰ ਦਾ ਇਤਰ ਸਾਰੇ ਉੱਤਰ ਪ੍ਰਦੇਸ਼ ’ਚ ਛਿੜਕਿਆ ਉਹ ਸਾਰੇ ਪਾਸੇ ਦਿਖਾਈ ਦੇ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਹ ਹੁਣ ਆਪਣਾ ਮੂੰਹ ਬੰਦ ਕਰਕੇ ਬੈਠੇ ਹੋਏ ਹਨ ਤੇ ਨੋਟਾਂ ਦੇ ਮਿਲੇ ਪਹਾੜ ਦੀ ਜ਼ਿੰਮੇਵਾਰੀ ਲੈਣ ਲਈ ਸਾਹਮਣੇ ਨਹੀਂ ਆ ਰਹੇ। ਇਹੀ ਉਨ੍ਹਾਂ ਦੀ ਪ੍ਰਾਪਤੀ ਤੇ ਸਚਾਈ ਹੈ। ਉਨ੍ਹਾਂ ਕਿਹਾ, ‘ਉੱਤਰ ਪ੍ਰਦੇਸ਼ ਦੇ ਲੋਕ ਸਭ ਕੁਝ ਦੇਖ ਤੇ ਸਮਝ ਰਹੇ ਹਨ। ਇਹ ਉਹ ਲੋਕ ਹਨ ਜੋ ਰਾਜ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਹੇ ਹਨ।’ ਪ੍ਰਧਾਨ ਮੰਤਰੀ ਇਤਰ ਕਾਰੋਬਾਰੀ ਪਿਊਸ਼ ਜੈਨ ਦੇ ਕਾਨਪੁਰ ਸਥਿਤ ਘਰ ’ਚੋਂ ਮਿਲੀ 177 ਕਰੋੜ ਦੀ ਨਕਦੀ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਯੂਪੀ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਬਣੀ ਉਸ ਦੇ ਕਾਰਜਕਾਲ ’ਚ ਮਾਫੀਆ ਨੇ ਪੈਰ ਪਸਾਰੇ ਜਿਸ ਕਾਰਨ ਰਾਜ ’ਚ ਸਨਅਤ ਤੇ ਕਾਰੋਬਾਰ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਯੋਗੀ ਆਦਿੱਤਿਆਨਾਥ ਦੀ ਸਰਕਾਰ ਕਾਨੂੰਨ ਦਾ ਰਾਜ ਲਾਗੂ ਕਰ ਰਹੀ ਜਿਸ ਨਾਲ ਨਿਵੇਸ਼ ਵੱਧ ਰਿਹਾ ਹੈ ਤੇ ਅਪਰਾਧੀ ਜੇਲ੍ਹਾਂ ’ਚ ਭੇਜੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਖ਼ਰਾਬ ਮੌਸਮ ਕਰਕੇ ਕਾਨਪੁਰ ਤੋਂ ਲਖਨਊ ਤੱਕ ਦਾ 80 ਕਿਲੋਮੀਟਰ ਦਾ ਫ਼ਾਸਲਾ ਹਵਾਈ ਸਫ਼ਰ ਦੀ ਥਾਂ ਸੜਕ ਰਸਤੇ ਤੈਅ ਕਰਨਾ ਪਿਆ। -ਪੀਟੀਆਈ
ਭਾਜਪਾ ਨੇ ਗਲਤੀ ਨਾਲ ਆਪਣੇ ਹੀ ਕਾਰੋਬਾਰੀ ਘਰ ਛਾਪਾ ਮਾਰਿਆ: ਅਖਿਲੇਸ਼
ਉਨਾਓ (ਯੂਪੀ): ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਆਪਣੀ ਪਾਰਟੀ ਤੇ ਕਾਨਪੁਰ ਅਧਾਰਿਤ ਇਤਰ ਕਾਰੋਬਾਰੀ ਪਿਊਸ਼ ਜੈਨ ਵਿਚਾਲੇ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਜਪਾ ਨੇ ਗਲਤੀ ਨਾਲ ਆਪਣੇ ਹੀ ਕਾਰੋਬਾਰੀ ਦੇ ਘਰ ਛਾਪਾ ਮਾਰ ਦਿੱਤਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਹੈਰਾਨੀ ਜ਼ਾਹਿਰ ਕੀਤੀ ਕਿ ਜਦੋਂ ਅੱਜ ਸਾਰੇ ਸਰੋਤ ਭਾਜਪਾ ਕੋਲ ਹਨ ਤਾਂ ਕਿਸੇ ਹੋਰ ਕੋਲ ਇੰਨੀ ਜ਼ਿਆਦਾ ਨਕਦੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਰੋਬਾਰੀ ਦੀ ਫੋਨ ਕਾਲ ਦੇ ਵੇਰਵੇ ਨਸ਼ਰ ਕੀਤੇ ਜਾਣ ਤਾਂ ਭਗਵਾਂ ਪਾਰਟੀ ਦੇ ਕਈ ਆਗੂਆਂ ਦੇ ਨਾਂ ਸਾਹਮਣੇ ਆ ਸਕਦੇ ਹਨ ਜੋ ਕਾਰੋਬਾਰੀ ਨਾਲ ਸੰਪਰਕ ’ਚ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਨਕਦੀ ਕਢਵਾਉਣ ਸਬੰਧੀ ਬੈਂਕਾਂ ਦੇ ਵੇਰਵਿਆਂ ਨਾਲ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਇੱਥੇ ਸਮਾਜਵਾਦੀ ਰਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘ਭਾਜਪਾ ਨੇ ਗਲਤੀ ਨਾਲ ਸਪਾ ਆਗੂ ਪੁਸ਼ਪਰਾਜ ਜੈਨ ਦੀ ਥਾਂ ਆਪਣੇ ਹੀ ਕਾਰੋਬਾਰੀ ਪਿਊਸ਼ ਜੈਨ ਦੇ ਘਰ ਛਾਪਾ ਮਰਵਾ ਦਿੱਤਾ।’ -ਪੀਟੀਆਈ