ਨਵੀਂ ਦਿੱਲੀ, 8 ਦਸੰਬਰ
ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ ਪੇੈਂਡਿੰਗ ਮੰਗਾਂ ਬਾਰੇ ਕੇਂਦਰ ਦੀ ਤਜਵੀਜ਼ ’ਤੇ ਆਮ ਸਹਿਮਤੀ ਬਣ ਗਈ ਹੈ ਅਤੇ ਅੰਦੋਲਨ ਦੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਮੀਟਿੰਗ ਕੀਤੀ ਜਾਵੇਗੀ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਰਕਾਰ ਤੋਂ ‘ਲੈਟਰਹੇੈੱਡ’ ’ਤੇ ਅਧਿਕਾਰਤ ਸੰਵਾਦ ਦੀ ਮੰਗ ਕਰ ਰਹੇ ਹਨ। ਕਿਸਾਨ ਆਗੂ ਅਤੇ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੇੈਂਡਿੰਗ ਮੰਗਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਿਲੀ ਤਜਵੀਜ਼ ਮੰਨਣ ਯੋਗ ਨਹੀਂ ਸੀ, ਜਿਸ ਮਗਰੋਂ ਕੇਂਦਰ ਨੇ ਬੁੱਧਵਾਰ ਨੂੰ ਨਵੇਂ ਸਿਰਓਂ ਤਜਵੀਜ਼ ਭੇਜੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਬਾਰੇ ਅਸੀਂ ਸਰਕਾਰ ਨਾਲ ਸਹਿਮਤ ਹਾਂ। ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਮੁਲਤਵੀ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਦੋਲਨ ਵਾਪਸ ਲੈਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ 12 ਵਜੇ ਸਿੰਘੂ ਬਾਰਡਰ ’ਤੇ ਮੀਟਿੰਗ ਹੋਵੇਗੀ। -ਏਜੰਸੀ