ਨਵੀਂ ਦਿੱਲੀ, 1 ਜੁਲਾਈ
ਚੀਫ਼ ਜਸਟਿਸ ਐਨ ਵੀ ਰਾਮੰਨਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਮੈਡੀਕਲ ਖੇਤਰ ਅਤੇ ਉਸ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਬੁਨਿਆਦੀ ਢਾਂਚੇ ਅਤੇ ਪੇਸ਼ੇਵਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੀ ਨਾਕਾਮੀ ਕਾਰਨ ਡਿਊਟੀ ਦੌਰਾਨ ਡਾਕਟਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਉਹ ਡਾਕਟਰ ਦਿਵਸ ਦੇ ਮੌਕੇ ’ਤੇ ਮੈਡੀਕਲ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ‘ਡਿਫੀਟ ਡਾਇਬਟੀਜ਼ ਕੈਂਪੇਨ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਤੰਬਾਕੂ ਵਿਰੋਧੀ ਅਤੇ ਪਲਸ ਪੋਲੀਓ ਮੁਹਿੰਮ ਵਾਂਗ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਅਤੇ ਇਸ ਲਈ ਸਰਕਾਰ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ‘‘ਇਹ ਦੁੱਖ ਦੀ ਗੱਲ ਹੈ ਕਿ ਸਾਡੇ ਡਾਕਟਰਾਂ ਦੀ ਡਿਊਟੀ ਦੌਰਾਨ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕਿਸੇ ਹੋਰ ਦੀਆਂ ਨਾਕਾਮੀਆਂ ਲਈ ਮੈਡੀਕਲ ਪੇਸ਼ੇਵਰਾਂ ਨੂੰ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ? ਮੈਡੀਕਲ ਪੇਸ਼ੇਵਰਾਂ, ਬੁਨਿਆਦੀ ਢਾਂਚਾ, ਦਵਾਈਆਂ ਦੀ ਘਾਟ, ਪੁਰਾਣੀ ਤਕਨਾਲੋਜੀ ਜਿਹੇ ਮੁੱਦਿਆਂ ਅਤੇ ਮੈਡੀਕਲ ਖੇਤਰ ਨੂੰ ਤਰਜੀਹ ਨਾ ਦੇਣਾ ਫਿਕਰਮੰਦੀ ਨਾਲ ਜੁੜੇ ਮੁੱਦੇ ਹਨ। ’’ ਉਨ੍ਹਾਂ ਕਿਹਾ ਕਿ ਲੋਕ ਪਹਿਲੀ ਜੁਲਾਈ ਨੂੰ ਇਮਾਨਦਾਰੀ ਨਾਲ ਡਾਕਟਰਾਂ ਦਾ ਸਵਾਗਤ ਉਦੋਂ ਕਰਨਗੇ ਜਦੋਂ ਮੈਡੀਕਲ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਕੰਮ ਕਰਨਗੀਆਂ।-ਏਜੰਸੀ