ਨਵੀਂ ਦਿੱਲੀ, 10 ਜੁਲਾਈ
ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ‘ਉਲਟ ਰਾਇ’ ਲਈ ਕੋਈ ਕਾਰਨ ਹੀ ਨਾ ਹੋਵੇ ਅਤੇ ਉਸ ਨੂੰ ‘ਸਾਡੇ ਖ਼ਿਲਾਫ਼ ਕੁਝ ਨਾ ਕਹੋ’ ਵਾਲਾ ਰਵੱਈਆ ਨਹੀਂ ਅਪਣਾਉਣ ਦੀ ਬਜਾਇ ਵਧੀਆ ਪੱਖ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਟਿੱਪਣੀ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ’ਤੇ ਜਰਮਨੀ ਵੱਲੋਂ ਕੀਤੀ ਆਲੋਚਨਾ ’ਤੇ ਭਾਰਤ ਦੇ ਜਵਾਬ ਦੇ ਮੱਦੇਨਜ਼ਰ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਨੇ ਦੋਸ਼ ਲਾਇਆ ਕਿ ਸਰਕਾਰ ਇਹ ਯਕੀਨੀ ਬਣਾਉਣ ਵਿੱਚ ‘ਅਸਫਲ’ ਰਹੀ ਹੈ ਕਿ ਦੇਸ਼ ਦਾ ਕਾਨੂੰਨ ਬਿਨਾਂ ਕਿਸੇ ਡਰ ਤੇ ਭੇਦਭਾਵ ਤੋਂ ਲਾਗੂ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ‘ਹਰ ਚੀਜ਼ ’ਤੇ ਬੋਲਣਾ ਪਸੰਦ ਕਾਰਨ ਵਾਲੇ’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕਤਾ ਅਤੇ ‘‘ਅਸੀਂ ਦੁਬਾਰਾ ਇਕੱਠੇ ਕਿਵੇਂ ਹੋਈਏ’’ ਬਾਰੇ ਕਿਉਂ ਨਹੀਂ ਬੋਲਦੇ।’’
ਸਲਮਾਨ ਖ਼ੁਰਸ਼ੀਦ ਨੇ ਇੰਟਰਵਿਊ ਵਿੱਚ ਕਿਹਾ, ‘‘ਜੇਕਰ ਉਹ ਅਜਿਹੇ ਪ੍ਰਧਾਨ ਮੰਤਰੀ ਹੁੰਦੇ ਜਿਹੜੇ ਚੁੱਪ ਰਹਿੰਦੇ ਹਨ ਤਾਂ ਗੱਲ ਵੱਖਰੀ ਸੀ ਪਰ ਉਹ ਚੁੱਪ ਰਹਿਣ ਵਾਲੇ ਪ੍ਰਧਾਨ ਮੰਤਰੀ ਨਹੀਂ ਹਨ, ਉਹ ਬੋਲਦੇ ਹਨ। ਤਾਂ ਉਹ ਇਸ ਬਾਰੇ ਕੁਝ ਕਿਉਂ ਨਹੀਂ ਬੋਲ ਰਹੇ। ਉਹ ਇਹ ਕਿਉਂ ਨਹੀਂ ਕਹਿੰਦੇ ਕਿ ਚਲੋ ਅਸੀਂ ਸਾਰੇ ਇਕੱਠੇ ਹੋਈਏ, ਜੇਕਰ ਅਸੀਂ ਵੰਡੇ ਰਹੇ ਤਾਂ ਇਹ ਦੇਸ਼ ਸਫਲ ਨਹੀਂ ਹੋ ਸਕੇਗਾ।’’
ਕਾਂਗਰਸੀ ਨੇਤਾ ਨੇ ਮੁਹੰਮਦ ਜ਼ੁਬੈਰ ਦੀ ਗ੍ਰਿ੍ਫ਼ਤਾਰੀ ਅਤੇ ਅਸੰਤੁਸ਼ਟਾਂ ਨੂੰ ਕਥਿਤ ਤੌਰ ’ਤੇ ਦਬਾਏ ਜਾਣ ਦੇ ਮੁੱਦੇ ’ਤੇ ਕਿਹਾ ਕਿ ਖੁੱਲ੍ਹੇ ਤੌਰ ’ਤੇ ਗੱਲ ਕਰਨਾ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਤੀਜੇ ‘ਅਣਹੋਣੀ’ ਦੀ ਪੇਸ਼ੀਨਗੋਈ ਕਰਦੇ ਹਨ। ਜ਼ੁਬੈਰ ਦੀ ਗ੍ਰਿਫ਼ਤਾਰੀ ਦੀ ਜਰਮਨੀ ਵੱਲੋਂ ਆਲੋਚਨਾ ਅਤੇ ਕਾਰਕੁਨ ਤੀਸਤਾ ਸੀਤਲਵਾੜ ਖ਼ਿਲਾਫ਼ ਕਾਰਵਾਈ ਨਾਲ ਵਿਦੇਸ਼ਾਂ ’ਚ ਭਾਰਤ ਦੀ ਸਾਖ ਨੂੰ ਨੁਕਸਾਨ ਬਾਰੇ ਸਵਾਲ ਦੇ ਜਵਾਬ ਵਿੱਚ ਖੁਰਸ਼ੀਦ ਨੇ ਕਿਹਾ ਕਿ ਜਦੋਂ ਦੁਨੀਆ ਤੋਂ ਭਾਰਤ ਨੂੰ ਪ੍ਰਸ਼ੰਸਾ ਮਿਲਦੀ ਹੈ ਤਾਂ ਇਸ ਦੀ ਸ਼ਲਾਘਾ ਹੁੰਦੀ ਹੈ ਪਰ ਜਦੋਂ ਦੁਨੀਆ ਅਜਿਹੇ ਮੁੱਦੇ ਉਠਾਉਂਦੀ ਹੈ ਜੋ ‘‘ਸਾਡੇ ਬਾਰੇ ਨਾਂਹ-ਪੱਖੀ ਹੁੰਦੇ ਹਨ ਤਾਂ ਸਾਨੂੰ ਬਹੁਤ ਬੁਰਾ ਲੱਗਦਾ ਹੈ।’’ ਕਾਂਗਰਸੀ ਨੇਤਾ ਮੁਤਾਬਕ, ‘‘ਜਿਵੇਂ ਦੇਸ਼ਾਂ ਵਿੱਚ ਹੋਰ ਘਟਨਾਵਾਂ ਬਾਰੇ ਅਸੀਂ ਰਾਇ ਰੱਖਦੇ ਹਾਂ, ਉਸੇ ਤਰ੍ਹਾਂ ਸਾਡੇ ਦੇਸ਼ ਕੀ ਹੋ ਰਿਹਾ ਹੈ ਉਸ ਬਾਰੇ ਉਹ ਰਾਇ ਰੱਖਦੇ ਹਨ। ਜੇਕਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਉਲਟ ਰਾਇ ਬਣੇ ਤਾਂ ਇਸ ਲਈ ਸਾਨੂੰ ਆਪਣਾ ਚੰਗਾ ਪੱਖ ਦਿਖਾਉਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਲਟ ਰਾਇ ਲਈ ਕੋਈ ਕਾਰਨ ਹੀ ਨਾ ਹੋਵੇ।’’ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਨਾ ਕਿ ‘‘ਸਾਡੇ ਖ਼ਿਲਾਫ਼ ਕੁਝ ਨਾ ਕਹੋ ਵਾਲਾ’’ ਰਵੱਈਆ ਅਪਣਾਉਣਾ ਚਾਹੀਦਾ ਹੈ। -ਪੀਟੀਆਈ
‘ਵਿਰੋਧੀ ਧਿਰਾਂ ਦਾ ਮੁਕਾਬਲਾ ਚਲਾਕ ਵਿਰੋਧੀ ਨਾਲ’
ਵਿਰੋਧੀ ਧਿਰਾਂ ਦੀ ਏਕਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਸਵਾਲ ’ਤੇ ਖੁਰਸ਼ੀਦ ਨੇ ਕਿਹਾ ਕਿ ਵਿਰੋਧੀ ਦਲਾਂ ਦਾ ਮੁਕਾਬਲਾ ਇੱਕ ਬੇਹੱਦ ਚਲਾਕ ਵਿਰੋਧੀ’ ਨਾਲ ਹੈ ਅਤੇ ਜੇਕਰ ਉਨ੍ਹਾਂ ਜਲਦੀ ਕੰਮ ਨਾ ਕੀਤਾ ਤਾਂ ਉਹ ਪਿੱਛੇ ਰਹਿ ਜਾਣਗੇ।’’ ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਇੱਕ ਸਾਂਝਾ ਪਲੈਟਫਾਰਮ ਜ਼ਰੂਰੀ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ, ‘‘ਜਿਹੜੇ ਇਸ ਵਿੱਚ ਅਸਫ਼ਲ ਰਹਿਣਗੇ ਇਤਿਹਾਸ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ।