ਨਵੀਂ ਦਿੱਲੀ, 19 ਮਈ
ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਅੱਜ ਕਿਹਾ ਕਿ ਪੂੰਜੀ ਪੈਦਾ ਕਰਨਾ ਪ੍ਰਾਈਵੇਟ ਸੈਕਟਰ ਦਾ ਕੰਮ ਹੈ ਅਤੇ ਸਰਕਾਰ ਨੂੰ ਜਨਤਕ ਨੀਤੀ ਢਾਂਚਾ ਤਿਆਰ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
‘ਗੌਵਟੈੱਕ ਸਮਿਟ 2022’ ਨੂੰ ਸੰਬੋਧਨ ਕਰਦਿਆਂ ਕਾਂਤ ਨੇ ਕਿਹਾ ਕਿ ਭਾਰਤ ਨੂੰ ਇੱਕ ਬਹੁਤ ਸਾਧਾਰਨ, ਨਿਪੁੰਨ ਅਤੇ ਪਾਰਦਰਸ਼ੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਸਰਕਾਰ ਦਾ ਕੰਮ ਦਾ ਜਨਤਕ ਨੀਤੀ ਢਾਂਚਾ ਤਿਆਰ ਕਰਨਾ ਹੋਣਾ ਚਾਹੀਦਾ ਹੈ ਅਤੇ ਪੂੰਜੀ ਪੈਦਾ ਕਰਨਾ ਪ੍ਰਾਈਵੇਟ ਸੈਕਟਰ ਦਾ ਕੰਮ ਹੈ। ਸਰਕਾਰ ਨੂੰ ਸਿਰਫ ਸਿਹਤ, ਸਿੱਖਿਆ ਅਤੇ ਪੋਸ਼ਣ ਵਰਗੇ ਖੇਤਰਾਂ ’ਤੇ ਧਿਆਨ ਦੇਣਾ ਚਾਹੀਦਾ ਹੈ।’’ ਡਿਜੀਟਲ ਅਰਥਵਿਵਸਥਾ ਬਾਰੇ ਗੱਲ ਕਰਦਿਆਂ ਕਾਂਤ ਨੇ ਕਿਹਾ ਕਿ ਭਾਰਤ ਇਸ ਸਮੇਂ ਇੱਕ ਅਹਿਮ ਬਦਲਾਅ ਦੇ ਕੰਢੇ ਖੜ੍ਹਾ ਹੈ ਅਤੇ ਡਿਜਟਲੀਕਰਨ ਪ੍ਰਕਿਰਿਆ ਪੂਰੀ ਤਰ੍ਹਾਂ ਬਦਲਾਅ ਦਾ ਸਫਰ ਰਹੀ ਹੈ। ਉਨ੍ਹਾਂ ਕਿਹਾ, ‘‘ਜੇਕਰ ਭਾਰਤ ਦੇ ਪੂਰਬੀ ਹਿੱਸੇ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਜਾਂਦਾ ਹੈ ਅਤੇ ਕੰਮਕਾਜ ਦਾ ਸੰਚਾਲਨ ਕਾਫੀ ਸੁਖਾਲਾ ਹੋ ਜਾਂਦਾ ਹੈ, ਤਾਂ ਦੇਸ਼ ਦਾ ਪੂਰਬੀ ਹਿੱਸਾ ਅਸਲ ਵਿੱਚ ਇੱਕ ਬਹੁਤ ਹੀ ਜਵਾਬਦੇਹ ਸਰਕਾਰ ਵਾਲਾ ਖੇਤਰ ਬਣ ਜਾਵੇਗਾ।’’ -ਪੀਟੀਆਈ