ਨਵੀਂ ਦਿੱਲੀ, 7 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਦੀ ਕਥਿਤ ਨਾਕਾਮੀ ਨੇ ਦੇਸ਼ ਨੂੰ ਮੁੜ ਕੌਮੀ ਲੌਕਡਾਊਨ ਕਿਨਾਰੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਦੇਸ਼ ਦੇ ਗਰੀਬ ਵਰਗ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਤੇ ਖੁਰਾਕੀ ਸੁਰੱਖਿਆ ਵੀ ਮੁਹੱਈਆ ਕਰਨ ਦੀ ਅਪੀਲ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ’ਚ ਸੁਝਾਅ ਦਿੱਤਾ ਕਿ ਸਰਕਾਰ ਨੂੰ ਇਸ ਸਮੇਂ ਲੌਕਡਾਊਨ ਕਾਰਨ ਪੈਣ ਵਾਲੇ ਵਿੱਤੀ ਪ੍ਰਭਾਵ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਇਸ ਸਮੇਂ ਮਨੁੱਖਤਾ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ, ‘ਤੁਹਾਡੀ ਸਰਕਾਰ ਕੋਲ ਕਰੋਨਾਵਾਇਰਸ ਤੇ ਟੀਕਾਕਰਨ ਰਣਨੀਤੀ ਬਾਰੇ ਸਪੱਸ਼ਟਤਾ ਨਹੀਂ ਸੀ ਅਤੇ ਤੁਸੀਂ ਸਮੇਂ ਤੋਂ ਪਹਿਲਾਂ ਹੀ ਸਮਝ ਲਿਆ ਕਿ ਤੁਸੀਂ ਮਹਾਮਾਰੀ ’ਤੇ ਜਿੱਤ ਹਾਸਲ ਕਰ ਲਈ ਹੈ। ਹੁਣ ਦੇਸ਼ ਖਤਰਨਾਕ ਹਾਲਾਤ ’ਚ ਪੁੱਜ ਚੁੱਕਾ ਹੈ ਤੇ ਮਹਾਮਾਰੀ ਸੁਨਾਮੀ ਵਾਂਗ ਫੈਲ ਰਹੀ ਹੈ।’ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ, ‘ਪ੍ਰਬੰਧ ਦੀਆਂ ਨਾਕਾਮੀਆਂ ਸਾਹਮਣੇ ਆ ਚੁੱਕੀਆਂ ਹਨ ਤੇ ਸਰਕਾਰ ਦੀ ਨਾਕਾਮੀ ਨੇ ਦੇਸ਼ ਨੂੰ ਇੱਕ ਹੋਰ ਵੱਡੇ ਕੌਮੀ ਲੌਕਡਾਊਨ ਦੇ ਕੰਢੇ ’ਤੇ ਖੜ੍ਹਾ ਕਰ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੌਜੂਦਾ ਸੰਕਟ ਤੋਂ ਬਚਾਉਣ ਲਈ ਸਰਕਾਰ ਨੂੰ ਹਰ ਗਰੀਬ ਪਰਿਵਾਰ ਦੇ ਖਾਤੇ ’ਚ ਛੇ ਹਜ਼ਾਰ ਰੁਪਏ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਕਰੋ ਪਰ ਲੋਕਾਂ ਨੂੰ ਬੇਵਜ੍ਹਾ ਦੀ ਹੋ ਰਹੀ ਖੁਆਰੀ ਤੋਂ ਬਚਾਇਆ ਜਾਵੇ।’ -ਪੀਟੀਆਈ
ਸੈਂਟਰਲ ਵਿਸਟਾ ਪ੍ਰਾਜੈਕਟ ਅਪਰਾਧਿਕ ਬਰਬਾਦੀ ਕਰਾਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸੈਂਟਲਰ ਵਿਸਟਾ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਇਸ ਯੋਜਨਾ ਨੂੰ ‘ਅਪਰਾਧਿਕ ਬਰਬਾਦੀ’ ਕਰਾਰ ਦਿੱਤਾ ਅਤੇ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਵੱਲ ਧਿਆਨ ਦੇਣ ਲਈ ਕਿਹਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਸੈਂਟਰਲ ਵਿਸਟਾ ਪ੍ਰਾਜੈਕਟ ਇੱਕ ਅਪਰਾਧਿਕ ਬਰਬਾਦੀ ਹੈ। ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕੇਂਦਰ ’ਚ ਰੱਖੋ। ਸਿਰਫ਼ ਆਪਣੀ ਨਵੀਂ ਰਿਹਾਇਸ਼ ਲਈ ਅੰਨ੍ਹੇ ਨਾ ਬਣੋ।’ ਰਾਹੁਲ ਗਾਂਧੀ ਤੇ ਹੋਰ ਕਾਂਗਰਸ ਆਗੂਆਂ ਵੱਲੋਂ ਸਰਕਾਰ ਨੂੰ ਮੌਜੂਦਾ ਸਮੇਂ ਸੈਂਟਰਲ ਵਿਸਟਾ ਪ੍ਰਾਜੈਕਟ ਰੋਕ ਕੇ ਕਰੋਨਾ ਮਹਾਮਾਰੀ ਦੇ ਦੌਰ ’ਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅਪੀਲ ਕੀਤੀ ਜਾ ਰਹੀ ਹੈ।