ਨਵੀਂ ਦਿੱਲੀ, 2 ਅਗਸਤ
ਸਰਕਾਰੀ ਪੈਨਲ ਨੇ ਕੋਵੀਸ਼ੀਲਡ ਜਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ ਬੂਸਟਰ ਖੁਰਾਕ ਵਜੋਂ ਬਾਇਓਲੋਜੀਕਲ ਈ ਦੀ ਕੋਰਬੇਵੈਕਸ ਵੈਕਸੀਨ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਕਰ ਸਰਕਾਰ ਇਸ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਇਹ ਮੁਲਕ ਵਿੱਚ ਪਹਿਲੀ ਵਾਰ ਹੋਵੇਗਾ ਕਿ ਪ੍ਰਾਇਮਰੀ ਟੀਕਾਕਰਨ ਬਾਅਦ ਬੂਸਟਰ ਖੁਰਾਕ ਪਹਿਲਾਂ ਲਈਆਂ ਖੁਰਾਕਾਂ ਤੋਂ ਵੱਖਰੀ ਹੋਵੇਗੀ। ਪੈਨਲ ਵੱਲੋਂ ਕੀਤੀ ਸਿਫਾਰਸ਼ ਵਿੱਚ ਕਿਹਾ ਗਿਆ ਹੈ ਕਿ ਕੋਰਬੇਵੈਕਸ ਤੀਜੀ ਖੁਰਾਕ ਜਾਂ ਬੂਸਟਰ ਖੁਰਾਕ ਵਜੋਂ ਪ੍ਰਾਇਮਰੀ ਪੱਧਰ ਦੀਆਂ ਕੋਵੇੈਕਸੀਨ ਜਾਂ ਕੋਵੀਸ਼ੀਲਡ ਵੈਕਸੀਨ ਦੀਆਂ ਦੋਵੇ ਖੁਰਾਕਾਂ ਲੈਣ ਦੇ 6 ਮਹੀਨਿਆਂ ਮਗਰੋਂ 18 ਸਾਲ ਤੋਂ ਵਧ ਉਮਰ ਵਾਲਿਆਂ ਨੂੰ ਲਗਾਈ ਜਾਵੇਗੀ। ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਸਵਦੇਸ਼ੀ ਵੈਕਸੀਨ ਕੋਰਬੇਵੈਕਸ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਲਗਾਈ ਜਾ ਰਹੀ ਹੈ। –ਏਜੰਸੀ